ਪ੍ਰਸਿੱਧ ਇਤਿਹਾਸਕਾਰ ਡਾ. ਇਸ਼ਤਿਆਕ ਅਹਿਮਦ ਮੁੱਖ ਬੁਲਾਰੇ ਹੋਣਗੇ
ਸਰੀ, 29 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਸਾਊਥ ਏਸ਼ੀਅਨ ਰਿਵਿਊ ਪੰਜਾਬੀ ਵਿਰਸਾ ਵੱਲੋਂ 6 ਸਤੰਬਰ 2025 ਨੂੰ ਸਵੇਰੇ 10:30 ਵਜੇ ਤਾਜ ਪਾਰਕ ਕਨਵੈਨਸ਼ਨ ਸੈਂਟਰ ਸਰੀ ਵਿਖੇ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ, ਜਿਸ ਵਿਚ ਪ੍ਰਸਿੱਧ ਵਿਦਵਾਨ, ਇਤਿਹਾਸਕਾਰ ਡਾ. ਇਸ਼ਤਿਆਕ ਅਹਿਮਦ ਮੁੱਖ ਬੁਲਾਰੇ ਹੋਣਗੇ।
ਇਹ ਜਾਣਕਾਰੀ ਦਿੰਦਿਆਂ ਸਾਊਥ ਏਸ਼ੀਅਨ ਰਿਵਿਊ ਪੰਜਾਬੀ ਵਿਰਸਾ ਦੇ ਸੰਚਾਲਕ ਨਵਰੂਪ ਸਿੰਘ ਅਤੇ ਰਿੱਕੀ ਬਾਜਵਾ ਨੇ ਦੱਸਿਆ ਹੈ ਕਿ ਇਸ ਸਮਾਗਮ ਵਿਚ ਡਾ. ਇਸ਼ਤਿਆਕ ਅਹਿਮਦ ਮੁੱਖ ਤੌਰ ‘ਤੇ ਭਾਰਤੀ ਉਪ ਮਹਾਂਦੀਪ ਦੀ ਵੰਡ ਅਤੇ ਇਸ ਦੇ ਨਤੀਜਿਆਂ ਉੱਪਰ ਵਿਸ਼ੇਸ਼ ਚਰਚਾ ਕਰਨਗੇ। ਜ਼ਿਕਰਯੋਗ ਹੈ ਕਿ ਡਾ. ਇਸ਼ਤਿਆਕ ਅਹਿਮਦ ਸਟੌਕਹੋਮ ਯੂਨੀਵਰਸਿਟੀ ‘ਚ ਰਾਜਨੀਤੀ ਸ਼ਾਸਤਰ ਦੇ ਸੇਵਾ-ਮੁਕਤ ਮਾਣ-ਨਮਿਤ ਪ੍ਰੋਫ਼ੈਸਰ ਅਤੇ ਸਿੰਘਾਪੁਰ ਨੈਸ਼ਨਲ ਯੂਨੀਵਰਸਿਟੀ ਵਿਚ ਦੱਖਣੀ ਏਸ਼ੀਆ ਅਧਿਐਨ ਸੰਸਥਾਨ (ਆਈ.ਐੱਸ.ਏ.ਐੱਸ.) ਵਿਚ ਰਸਮੀ ਖੋਜੀ ਹਨ।
ਡਾ. ਇਸ਼ਤਿਆਕ ਅਹਿਮਦ ਨੇ ਸਿਆਸੀ ਇਸਲਾਮ, ਨਸਲ, ਕੌਮਵਾਦ, ਇਨਸਾਨੀ ਅਤੇ ਘੱਟ ਗਿਣਤੀਆਂ ਦੇ ਹੱਕ, ਵੰਡ, ਅਤੇ ਸਿਨਮੇ ਦੀ ਕਲਾ ਨੂੰ ਪੰਜਾਬ ਦੀ ਦੇਣ ਆਦਿ ਵਿਸ਼ਿਆਂ ਉੱਪਰ ਖੋਜ ਕਾਰਜ ਕੀਤਾ ਹੈ। ਉਹ ਲਾਹੌਰ ਦੇ ਅੰਗਰੇਜ਼ੀ ਅਖ਼ਬਾਰ ‘ਦੀ ਫ੍ਰਾਈਡੇ ਟਾਈਮਜ਼’ ਵਿਚ ਹਫ਼ਤਾਵਾਰ ਕਾਲਮ ਵੀ ਲਿਖਦੇ ਹਨ। ਉਨ੍ਹਾਂ ਦੀਆਂ ਹੁਣ ਤੱਕ ਸੱਤ ਕਿਤਾਬਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ ਤੇ ਉਹ ਬਹੁਤ ਸਾਰੇ ਖੋਜ-ਪੱਤਰਾਂ ਦੇ ਘੋਖ-ਕਰਤਾ ਰਹੇ ਹਨ। ਉਨ੍ਹਾਂ ਨੇ 1947 ਦੀ ਤ੍ਰਾਸਦੀ ਸਬੰਧੀ ਗੁਪਤ ਬਰਤਾਨਵੀ ਰਿਪੋਰਟਾਂ ‘ਤੇ ਆਧਾਰਿਤ ਅਤੇ ਮੌਕੇ ਦੇ ਗਵਾਹਾਂ ਦੀ ਜ਼ੁਬਾਨੀ ਲਹੂ ਲੁਹਾਣ ਹੋਏ, ਵੰਡੇ ਤੇ ਵੱਡੇ ਟੁੱਕੇ ਗਏ ਪੰਜਾਬ ਦੀ ਮਾਰਮਿਕ ਗਾਥਾ ਨੂੰ ਆਪਣੀ ਪੁਸਤਕ ਵਿਚ ਦਰਜ ਕੀਤਾ ਹੈ। ਇਹ ਪੁਸਤਕ ਉਨ੍ਹਾਂ ਮੂਲ ਰੂਪ ਵਿਚ ਅੰਗਰੇਜ਼ੀ ਵਿਚ ਲਿਖੀ ਸੀ, ਜੋ ਬਾਅਦ ਵਿਚ ਉਰਦੂ, ਹਿੰਦੀ ਅਤੇ ਪੰਜਾਬੀ ਵਿਚ ਅਨੁਵਾਦ ਹੋ ਚੁੱਕੀ ਹੈ।
ਮਹਾਤਮਾ ਗਾਂਧੀ ਦੇ ਪੋਤੇ ਪ੍ਰੋਫੈਸਰ ਰਾਜ ਮੋਹਨ ਗਾਂਧੀ ਨੇ ਇਸ ਪੁਸਤਕ ਸਬੰਧੀ ਲਿਖਿਆ ਹੈ ਕਿ ਪੰਜਾਬ ਵਿਚ 1947 ਦੀਆਂ ਦਰਦਨਾਕ ਘਟਨਾਵਾਂ ਦੀ ਨਿਰਪੱਖ ਤਸਵੀਰ ਕਰਨ ਦੇ ਨਾਲ-ਨਾਲ ਇਸ ਕਿਤਾਬ ਨੇ ਜ਼ਖ਼ਮਾਂ ‘ਤੇ ਮੱਲ੍ਹਮ ਲਾਉਣ ਦਾ ਕੰਮ ਵੀ ਕੀਤਾ ਹੈ, ਜੋ ਦੋਵੇਂ ਪਾਸਿਆਂ ਦੇ ਵਿਛੜੇ ਹੋਏ ਪੰਜਾਬੀਆਂ ਦਰਮਿਆਨ ਸੁਲ੍ਹਾ ਕਰਾਉਣ ਵਿਚ ਮਦਦ ਕਰ ਸਕਦੀ ਹੈ ਅਤੇ ਉਪ ਮਹਾਂਦੀਪ ਵਿਚ ਅਮਨ ਕਾਇਮ ਕਰਨ ਵਿਚ ਮਦਦਗਾਰ ਹੋ ਸਕਦੀ ਹੈ।
ਸਾਊਥ ਏਸ਼ੀਅਨ ਰੀਵਿਊ ਪੰਜਾਬੀ ਵਿਰਸਾ ਵੱਲੋਂ ਸਰੀ, ਵੈਨਕੂਵਰ ਅਤੇ ਆਸ ਪਾਸ ਖੇਤਰ ਦੇ ਸਮੂਹ ਸੁਹਿਰਦ ਪੰਜਾਬੀਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।
ਸਰੀ ਵਿਚ ਭਾਰਤੀ ਉਪ ਮਹਾਂਦੀਪ ਦੀ ਵੰਡ ਅਤੇ ਇਸ ਦੇ ਨਤੀਜਿਆਂ ‘ਤੇ ਵਿਸ਼ੇਸ਼ ਸਮਾਗਮ 6 ਸਤੰਬਰ ਨੂੰ
