ਲੰਡਨ, 28 ਅਗਸਤ (ਪੰਜਾਬ ਮੇਲ)- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਦੇ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਮੰਤਰੀ ਸ. ਰਮੇਸ਼ ਸਿੰਘ ਅਰੋੜਾ ਨੇ ਸ਼ਾਂਤੀ ਦੇ ਲਾਂਘੇ ਕਰਤਾਰਪੁਰ ਸਾਹਿਬ ਵਿਚ ਭਾਰੀ ਤਬਾਹੀ ਦੌਰਾਨ ਆਪ ਮੌਕੇ ‘ਤੇ ਪਹੁੰਚ ਕੇ ਸਿੱਖ ਸੰਗਤਾਂ ਦਾ ਹਾਲ ਜਾਣਿਆ।
ਕਿਸ਼ਤੀਆਂ ਰਾਹੀਂ 100 ਦੇ ਕਰੀਬ ਫਸੇ ਸ਼ਰਧਾਲੂਆਂ ਅਤੇ ਸਟਾਫ ਨੂੰ ਸਰਕਾਰੀ ਅਧਿਕਾਰੀਆਂ ਤੇ ਫੌਜ ਦੇ ਸਾਂਝੇ ਆਪਰੇਸ਼ਨ ਨਾਲ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ। ਕਰਤਾਰਪੁਰ ਸਾਹਿਬ ਵਿਚ ਪਾਣੀ ਦਾ ਲੈਵਲ 12 ਫੁੱਟ ਤੱਕ ਰਿਕਾਰਡ ਹੋ ਚੁੱਕਾ ਹੈ ਅਤੇ ਇਸ ਦੇ ਹੋਰ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਗੱਲਬਾਤ ਦੌਰਾਨ ਅਰੋੜਾ ਨੇ ਇਸ ਦਾ ਸਿੱਧਾ ਦੋਸ਼ ਭਾਰਤ ‘ਤੇ ਲਾਇਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਢਾਈ ਲੱਖ ਕਿਊਸਿਕ ਪਾਣੀ ਸਤਲੁਜ, ਰਾਵੀ ਅਤੇ ਚਨਾਬ ਦਰਿਆਵਾਂ ਵਿਚ ਛੱਡਿਆ ਗਿਆ। ਉਨ੍ਹਾਂ ਕਿਹਾ, ”ਅਸੀਂ ਤਾਂ ਮੋਦੀ ਸਾਹਿਬ ਨੂੰ ਸ਼ਾਂਤੀ ਦੇ ਲਾਂਘੇ ਨੂੰ ਖੋਲ੍ਹਣ ਲਈ ਬੇਨਤੀ ਕੀਤੀ ਸੀ, ਪਰ ਉਨ੍ਹਾਂ ਨੇ ਇਸ ਦੀ ਬਜਾਏ ਚੜ੍ਹਦੇ ਤੇ ਲਹਿੰਦੇ ਪੰਜਾਬਾਂ ਨੂੰ ਪਾਣੀ ਛੱਡ ਬਰਬਾਦ ਕਰ ਦਿੱਤਾ। ਇਹ ਪਾਣੀ ਰਾਜਸਥਾਨ ਜਾਂ ਇੰਦਰਾ ਗਾਂਧੀ ਨਹਿਰਾਂ ਵੱਲ ਮੋੜਿਆ ਜਾ ਸਕਦਾ ਸੀ, ਪਰ ਅਜਿਹਾ ਨਹੀਂ ਕੀਤਾ ਗਿਆ।”
ਅਰੋੜਾ ਨੇ ਵੀਡੀਓ ਮੈਸੇਜ ਵਿਚ ਦੱਸਿਆ ਕਿ ਚੜ੍ਹਦੇ ਪੰਜਾਬ ਦੇ ਕਿਸਾਨਾਂ ਦੇ ਹਾਲ ਦੇਖ ਕੇ ਉਹ ਰੋ ਪਏ, ਜਦਕਿ ਲਹਿੰਦੇ ਪੰਜਾਬ ਦੀਆਂ ਸੰਗਤਾਂ ਲਈ ਇਹ ਇਤਿਹਾਸਕ ਗੁਰਦੁਆਰਾ ਸਾਹਿਬ 1999 ਤੋਂ ਬਾਅਦ ਪਹਿਲੀ ਵਾਰ ਬੰਦ ਹੋਇਆ। 1947 ਦੀ ਵੰਡ ਤੋਂ ਬਾਅਦ 52 ਸਾਲ ਬੰਦ ਰਹਿਣ ਤੋਂ ਬਾਅਦ, 1999 ਤੋਂ ਲੈ ਕੇ ਹੁਣ ਤੱਕ, 26 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਦੀਵਾਨ, ਜੋਤ ਪਰਸਾਦ ਅਤੇ ਲੰਗਰ ਨਹੀਂ ਬਣੇ।
ਸ. ਅਰੋੜਾ ਨੇ ਭਾਰਤੀ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ, ”ਮੋਦੀ ਜੀ, ਆਓ ਮਿਲ ਕੇ ਸਰਬੱਤ ਦੇ ਭਲੇ ਦੀ ਗੱਲ ਕਰੀਏ। ਅਸੀਂ ਸਿੱਖੀ ਦੀ ਮਰਿਆਦਾ ਅਨੁਸਾਰ ਅਰਦਾਸ ਕਰਦੇ ਹਾਂ। ਨਾ ਕਿਸੇ ਨੂੰ ਦੁੱਖ ਹੋਵੇ, ਨਾ ਕਿਸੇ ਦਾ ਨਾਸ ਹੋਵੇ। ਇਹ ਪਾਣੀ ਦੀ ਸਿਆਸਤ ਦੋਵੇਂ ਪੰਜਾਬਾਂ ਨੂੰ ਤਬਾਹ ਨਾ ਕਰੇ।”
ਜ਼ਿਕਰਯੋਗ ਹੈ ਕਿ ਭਾਰਤ ਦੇ ਪੰਜਾਬ, ਹਿਮਾਚਲ,ਜੰਮੂ-ਕਸ਼ਮੀਰ ਵਿਚ ਲਗਾਤਾਰ ਹੋ ਰਹੀਆਂ ਬਰਸਾਤਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਡੈਮਾਂ ਵਿਚ ਪਾਣੀ ਦਾ ਵਹਾਅ ਘਟਣ ਦਾ ਨਾਂ ਨਹੀਂ ਲੈ ਰਿਹਾ, ਜਿਸ ਕਾਰਨ ਪੰਜਾਬ ਵਿਚ ਕਈ ਇਲਾਕਿਆਂ ‘ਚ ਖੜ੍ਹੀਆਂ ਫ਼ਸਲਾਂ ਤਬਾਹ ਹੋ ਗਈਆਂ ਤੇ ਸੜਕਾਂ-ਪੁੱਲ ਵੀ ਰੁੜ੍ਹ ਗਏ। ਇਹ ਪਾਣੀ ਦਾ ਵਹਾਅ ਲਗਾਤਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਨੂੰ ਤਬਾਹ ਕਰ ਰਿਹਾ ਹੈ।
ਹੜ੍ਹਾਂ ਦੀ ਮਾਰ : ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ 12-12 ਫੁੱਟ ਚੜ੍ਹਿਆ ਪਾਣੀ
