• ਜਬਰਸਤ ਬਲਾਸਟ ਦੌਰਾਨ ਗੈਸ ਲੀਕ ਹੋਣ ਨਾਲ ਲੱਗੀ ਭਿਆਨਕ ਅੱਗ
• ਘਰਾਂ ‘ਚ ਸੁੱਤੇ ਅਤੇ ਦੁਕਾਨਾਂ ‘ਤੇ ਬੈਠੇ ਲੋਕ ਬੁਰੀ ਤਰ੍ਹਾਂ ਝੁਲਸੇ
• ਕਰੀਬ ਦੋ ਦਰਜਨ ਲੋਕ ਸਿਵਲ ਹਸਪਤਾਲ ਹੁਸ਼ਿਆਰਪੁਰ ਕਰਵਾਏ ਦਾਖਲ,ਹੁਣ ਤੱਕ 3 ਦੀ ਮੌਤ
ਹੁਸ਼ਿਆਰਪੁਰ, 23 ਅਗਸਤ (ਤਰਸੇਮ ਦੀਵਾਨਾ/ਪੰਜਾਬ ਮੇਲ)- ਜਲੰਧਰ ਧਰਮਸ਼ਾਲਾ ਰਾਸ਼ਟਰੀ ਮਾਰਗ (ਐੱਨਐੱਚ 503)’ਤੇ ਕਸਬਾ ਮੰਡਿਆਲਾ ਵਿਖੇ ਬੀਤੀ ਰਾਤ ਕਰੀਬ 10 ਵਜੇ ਇੱਕ ਗੈਸ ਦੇ ਟੈਂਕਰ ਅਤੇ ਸਬਜ਼ੀਆਂ ਨਾਲ ਲੱਦੀ ਬੋਲੇਰੋ ਜੀਪ ਦਰਮਿਆਨ ਵਾਪਰੇ ਸੜਕ ਹਾਦਸੇ ਦੌਰਾਨ ਟੈਂਕਰ ਵਿੱਚੋਂ ਗੈਸ ਲੀਕ ਹੋਣ ਨਾਲ ਬਲਾਸਟ ਹੋਣ ਕਾਰਨ ਭਿਆਨਕ ਅੱਗ ਲੱਗਣ ਦੀ ਦੁਖਦਾਈ ਖ਼ਬਰ ਮਿਲੀ ਹੈ | ਇਸ ਧਮਾਕੇ ਦੌਰਾਨ ਗੈਸ ਵਾਲਾ ਟੈਂਕਰ ਅਤੇ ਬਲੈਰੋ ਜੀਪ ਅੱਗ ਦਾ ਗੋਲਾ ਬਣ ਕੇ ਅੱਡਾ ਮੰਡਿਆਲਾ ਵਿੱਚ ਚਾਰੋਂ ਪਾਸੋਂ ਫੈਲ ਗਈ ਇਸ ਅੱਗ ਦੀ ਲਪੇਟ ਵਿੱਚ ਆ ਕੇ ਨੈਸ਼ਨਲ ਹਾਈਵੇਅ ‘ਤੇ ਗੁਜ਼ਰ ਰਹੇ ਅਤੇ ਦੁਕਾਨਾਂ ਦੇ ਬਾਹਰ ਖੜ੍ਹੇ ਵਾਹਨ ਵੀ ਸੜ੍ਹਕੇ ਸੁਆਹ ਹੋ ਗਏ ਅਤੇ ਨਜ਼ਦੀਕੀ ਪਿੰਡ ਦੇ ਬਹੁਤ ਸਾਰੇ ਆਪਣੇ ਘਰਾਂ ਵਿੱਚ ਬੈਠੇ ਅਤੇ ਸੁੱਤੇ ਹੋਏ ਲੋਕ ਅੱਗ ਦੀਆਂ ਲਪਟਾਂ ਵਿੱਚ ਘਿਰ ਕੇ ਬਹੁਤ ਬੁਰੀ ਤਰ੍ਹਾਂ ਝੁਲਸ ਗਏ ਜਿਨਾਂ ਨੂੰ ਤੁਰੰਤ ਐਂਬੂਲੈਂਸਾਂ ਰਾਹੀਂ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ | ਇਸ ਹਾਦਸੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਜਿਹਨਾਂ ਵਿੱਚੋਂ 22 ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਰਾਤ ਨੂੰ ਹੀ ਵੱਖ ਵੱਖ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਹਾਦਸੇ ਦੇ 3 ਜ਼ਖਮੀਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਘਟਨਾ ਸਥਾਨ ‘ਤੇ ਹੀ ਮਰਨ ਵਾਲਿਆਂ ਦੀ ਗਿਣਤੀ ਹਾਲੇ ਕੁੱਝ ਵੀ ਸਪਸ਼ੱਟ ਨਹੀਂ ਹੈ ਅਤੇ ਕੁੱਝ ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ | ਅੱਡਾ ਮੰਡਿਆਲਾ ਵਿੱਚ ਅੱਗ ਲੱਗਣ ਕਾਰਨ ਵੱਡੀ ਤਬਾਹੀ ਮਚੀ ਜਿਹਨਾਂ ਵਿੱਚ ਕਈ ਦੁਕਾਨਾਂ ਢਹਿ ਢੇਰੀ ਹੋ ਗਈਆਂ ਅਤੇ ਬਹੁਤੀਆਂ ਦੁਕਾਨਾਂ ਦੇ ਅੰਦਰ ਪਿਆ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਸਿਵਲ ਸਰਜਨ ਪਵਨ ਕੁਮਾਰ ਸੰਗੋਤਰਾ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਐਮਰਜੇਂਸੀ ਵਿੱਚ ਖੁਦ ਪਹੁੰਚ ਕੇ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਰਹੇ ਅਤੇ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ ਨੂੰ ਲੋੜੀਦੀਆਂ ਹਿਦਾਇਤਾਂ ਦਿੰਦੇ ਰਹੇ । ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ,ਐੱਸਐੱਸਪੀ ਸੰਦੀਪ ਮਲਿਕ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚ ਗਏ ਤੇ ਉਹਨਾਂ ਨੇ ਜ਼ਖਮੀਆਂ ਦਾ ਹਾਲ ਚਾਲ ਜਾਣਿਆ |
ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਅਤੇ ਵਿਧਾਇਕ ਹੁਸ਼ਿਆਰਪੁਰ ਵੱਲੋਂ ਹਾਦਸੇ ਦੀ ਖ਼ਬਰ ਮਿਲਦੀਆਂ ਹੀ ਤੁਰੰਤ ਦੁਰਘਟਨਾ ਸਥਾਨ ਪਿੰਡ ਮੰਡਿਆਲਾਂ ਪਹੁੰਚ ਕੇ ਸਾਰੇ ਹਾਲਤ ਦਾ ਜਾਇਜ਼ਾ ਲਿਆ |
ਇੰਝ ਹੋਇਆ ਹਾਦਸਾ !
ਮੌਕੇ ਤੋਂ ਕੀਤੀ ਗਈ ਤਹਿਕੀਕਤ ਤੋਂ ਇਹ ਸਾਹਮਣੇ ਆਇਆ ਕਿ ਧਰਮਸ਼ਾਲਾ ਜਲੰਧਰ ਨੈਸ਼ਨਲ ਹਾਈਵੇ ‘ਤੇ ਸਥਿਤ ਪਿੰਡ ਮੰਡਿਆਲਾ ਵਿੱਚ ਐਲਪੀਜੀ ਦਾ ਬਹੁਤ ਵੱਡਾ ਗੈਸ ਪਲਾਂਟ ਹੋਣ ਕਾਰਣ ਇੱਥੇ ਗੈਸ ਦੇ ਟੈਂਕਰਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ | ਬੀਤੀ ਰਾਤ ਹੁਸ਼ਿਆਰਪੁਰ ਸਾਈਡ ਵੱਲੋਂ ਆ ਰਿਹਾ ਗੈਸ ਨਾਲ ਭਰਿਆ ਟੈਂਕਰ ਅਚਾਨਕ ਡਿਵਾਈਡਰ ਵਿੱਚ ਬਣੇ ਹੋਏ ਕੱਟ ਨੂੰ ਗਲਤ ਢੰਗ ਨਾਲ ਪਾਰ ਕਰਕੇ ਪਿੰਡ ਢੈਹਾ ਵੱਲ ਨੂੰ ਨਿਕਲਦੀ ਤੰਗ ਸੜਕ ਵੱਲ ਮੁੜਨ ਲੱਗਾ ਤਾਂ ਅਚਾਨਕ ਜਲੰਧਰ ਵਾਲੀ ਸਾਈਡ ਤੋਂ ਆ ਰਹੀ ਸਬਜ਼ੀਆਂ ਨਾਲ ਭਰੀ ਬਲੈਰੋ ਜੀਪ ਇਸ ਗੈਸ ਟੈਂਕਰ ਦੇ ਪਿਛਲੇ ਪਾਸੇ ਟਕਰਾ ਗਈ ਜਿਸ ਕਾਰਣ ਗੈਸ ਦੀਆਂ ਨੌਜਲਾਂ ਟੁੱਟਣ ਨਾਲ ਗੈਸ ਤੇਜ਼ੀ ਨਾਲ ਲੀਕ ਹੋਣੀ ਸ਼ੁਰੂ ਹੋ ਗਈ ਅਤੇ ਧਮਾਕਾ ਹੋਣ ਕਾਰਣ ਭਿਆਨਕ ਅੱਗ ਲੱਗ ਗਈ ਜਿਸ ਨੇ ਮਿੰਟਾਂ ਸਕਿੰਟਾਂ ਵਿੱਚ ਸਾਰੇ ਆਲੇ ਦੁਆਲੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ | ਇਹ ਅੱਗ ਐਨੀ ਖਤਰਨਾਕ ਸੀ ਕਿ ਕਈ 100 ਮੀਟਰ ਦੂਰ ਸਥਿਤ ਦੁਕਾਨਾਂ ਅਤੇ ਘਰਾਂ ਨੂੰ ਵੀ ਅੱਗ ਦੀਆਂ ਲਾਟਾਂ ਨੇ ਵੱਡਾ ਨੁਕਸਾਨ ਪਹੁੰਚਾਇਆ ਅਤੇ ਕਰੋੜਾਂ ਰੁਪਈਆਂ ਦੀ ਆਰਥਿਕਤਾ ਤਬਾਹ ਹੋ ਗਈ ਅਤੇ ਜਾਨੀ ਨੁਕਸਾਨ ਵੀ ਹੋਇਆ |
ਲੋਕਾਂ ਨੇ ਦਿੱਤਾ ਧਰਨਾ ; ਢੈਹਾ ਤੇ ਆਸ ਪਾਸ ਹੁੰਦੀ ਗੈਸ ਦੀ ਚੋਰੀ ;
ਇਸ ਭਿਆਨਕ ਤਰਾਸਦੀ ਤੋਂ ਪੀੜਿਤ ਮੰਡਿਆਲਾ ਪਿੰਡ ਦੇ ਲੋਕਾਂ ਨੇ ਨੈਸ਼ਨਲ ਹਾਈਵੇ ‘ਤੇ ਮੰਡਿਆਲਾ ਵਿਖੇ ਦੁਪਹਿਰ ਵੇਲੇ ਧਰਨਾ ਲਾ ਦਿੱਤਾ ਅਤੇ ਸਰਕਾਰ ਖਿਲਾਫ ਭਾਰੀ ਨਾਅਰੇਬਾਜ਼ੀ ਕੀਤੀ | ਇਸ ਮੌਕੇ ਪੀੜਿਤ ਦੁਕਾਨਦਾਰਾਂ ਅਤੇ ਸਥਾਨਕ ਬਸਿੰਦਿਆਂ ਨੇ ਦੱਸਿਆ ਕਿ ਪਿੰਡ ਮੰਡਿਆਲਾ ਗੈਸ ਪਲਾਂਟ ਹੋਣ ਕਾਰਨ ਮੰਡਿਆਲਾ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਗੈਸ ਦੀ ਭਾਰੀ ਚੋਰੀ ਹੁੰਦੀ ਹੈ ਅਤੇ ਬਹੁਤ ਸਾਰੇ ਗੈਸ ਟੈਂਕਰ ਚਾਲਕ ਇਸ ਧੰਦੇ ਵਿੱਚ ਸ਼ਾਮਿਲ ਹਨ | ਹਾਦਸੇ ਵਾਲਾ ਗੈਸ ਟੈਂਕਰ ਵੀ ਪਿੰਡ ਢੈਹਾ ਦੇ ਇੱਕ ਡੇਰੇ ਵਿੱਚ ਚਲਾਏ ਜਾ ਰਹੇ ਗੈਸ ਚੋਰੀ ਦੇ ਕਾਰਖਾਨੇ ਵੱਲ ਜਾਣ ਲਈ ਗਲਤ ਢੰਗ ਮੁੜਿਆ ਤਾਂ ਇਹ ਵੱਡੀ ਤ੍ਰਾਸਦੀ ਵਾਪਰ ਗਈ | ਲੋਕਾਂ ਨੇ ਦੱਸਿਆ ਕਿ ਇਹ ਇੰਝ ਦਾ ਨਿਤ ਦਾ ਵਰਤਾਰਾ ਹੈ ਜਿਸ ਵਿੱਚ ਵੱਡੇ ਪ੍ਰਭਾਵਸ਼ਾਲੀ ਲੋਕਾਂ ਦੀ ਵੀ ਕਥਿਤ ਸ਼ਮੂਲੀਅਤ ਰਹਿੰਦੀ ਹੈ | ਲੋਕਾਂ ਨੇ ਮੰਗ ਕੀਤੀ ਕਿ ਪਿੰਡ ਮੰਡਿਆਲਾ ਤੋਂ ਗੈਸ ਪਲਾਂਟ ਚੁਕਾਇਆ ਜਾਵੇ ਅਤੇ ਗੈਸ ਦੀ ਹੁੰਦੀ ਚੋਰੀ ਨੂੰ ਵੀ ਰੋਕਿਆ ਜਾਵੇ। ਮੌਕੇ ਤੇ ਪਹੁੰਚੇ ਐਸਪੀ ਪੀਬੀਆਈ ਮੇਜਰ ਸਿੰਘ ਢੱਡਾ ਅਤੇ ਡੀਐਸਪੀ ਨਰਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਸਮਝਾ ਬੁਝਾ ਕੇ ਧਰਨਾ ਉਠਾਇਆ ਅਤੇ ਹਾਦਸੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਮੁਆਵਜ਼ਾ ਜਰੂਰ ਮਿਲੇਗਾ ! ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੇ ਬਚਾਅ ਕਾਰਜ ਸ਼ੁਰੂ ਕਰਨ ਉਪਰੰਤ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ, ਪਹੁੰਚਾਇਆ ਗਿਆ ਅਤੇ ਗੰਭੀਰ ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਸਾਰੇ ਜ਼ਖਮੀਆਂ ਦਾ ਪੰਜਾਬ ਸਰਕਾਰ ਦੀ “ਫਰਿਸ਼ਤੇ ਸਕੀਮ” ਤਹਿਤ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਇਲਾਜ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਫਾਇਰ ਬ੍ਰਿਗੇਡ ਤੋਂ ਇਲਾਵਾ, ਜਲੰਧਰ, ਕਪੂਰਥਲਾ, ਫਗਵਾੜਾ ਅਤੇ ਆਦਮਪੁਰ ਏਅਰ ਫੋਰਸ ਸਟੇਸ਼ਨ ਤੋਂ ਐਂਬੂਲੈਂਸਾਂ ਅਤੇ ਫਾਇਰ ਇੰਜਣ ਵੀ ਮੌਕੇ ‘ਤੇ ਭੇਜੇ ਗਏ ਅਤੇ ਐਸ.ਡੀ.ਆਰ.ਐਫ ਦੀ ਟੀਮ ਨੂੰ ਵੀ ਤਾਇਨਾਤ ਕੀਤਾ ਗਿਆ।
ਭਾਰਤੀ ਨਿਆਂ ਸੰਹਿਤਾ (2023) ਦੀ ਧਾਰਾ 105 ਅਤੇ 324 (4) ਦੇ ਤਹਿਤ ਮਾਮਲਾ ਦਰਜ ਕੀਤਾ -ਐੱਸਐੱਸਪੀ ਸੰਦੀਪ ਮਲਿਕ ਐਸ.ਐਸ.ਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿਚ ਭਾਰਤੀ ਨਿਆਂ ਸੰਹਿਤਾ (2023) ਦੀ ਧਾਰਾ 105 ਅਤੇ 324 (4) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ !