#EUROPE

ਯੂ.ਕੇ. ਦੇ ਸਾਬਕਾ ਪ੍ਰਧਾਨ ਮੰਤਰੀ ਸੁਨਕ ਨੂੰ ਨਸਲੀ ਧਮਕੀ ਦੇਣ ਵਾਲੇ ਵਿਅਕਤੀ ਨੂੰ 14 ਹਫਤਿਆਂ ਦੀ ਕੈਦ

ਲੰਡਨ, 22 ਅਗਸਤ (ਪੰਜਾਬ ਮੇਲ)- ਯੂ.ਕੇ. ਦੇ ਸਾਬਕਾ ਪ੍ਰਧਾਨ ਮੰਤਰੀ ਪ੍ਰਧਾਨ ਰਿਸ਼ੀ ਸੁਨਕ ਨੂੰ ਨਸਲੀ ਧਮਕੀ ਦੇਣ ਦੇ ਮਾਮਲੇ ‘ਚ ਇਕ 21 ਸਾਲਾ ਵਿਅਕਤੀ ਨੂੰ ਦੋਸ਼ੀ ਠਹਿਰਾਉਂਦਿਆਂ ਲਿਵਰਪੂਲ ਮੈਜਿਸਟ੍ਰੇਟ ਦੀ ਅਦਾਲਤ ਨੇ 14 ਹਫਤਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ, ਜੋ 12 ਮਹੀਨਿਆਂ ਲਈ ਮੁਲਤਵੀ ਹੈ। ਦੋਸ਼ੀ ਨੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਰਿਸ਼ੀ ਸੁਨਕ ਨੂੰ ਨਸਲੀ ਧਮਕੀ ਭਰੇ ਈ-ਮੇਲ ਪਿਛਲੇ ਸਾਲ ਜੂਨ ‘ਚ ਭੇਜੇ ਸੀ।
ਯੂ.ਕੇ. ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਨੇ ਕਿਹਾ ਕਿ ਉੱਤਰ-ਪੱਛਮੀ ਇੰਗਲੈਂਡ ਦੇ ਮਰਸੀਸਾਈਡ ‘ਚ ਬਿਰਕਨਹੈਡ ਦੇ ਰਹਿਣ ਵਾਲੇ ਲੀਅਮ ਸ਼ਾਅ ਨੇ ਸਾਬਕਾ ਪ੍ਰਧਾਨ ਮੰਤਰੀ ਸੁਨਕ ਦੇ ਅਧਿਕਾਰਤ ਈ-ਮੇਲ ਪਤੇ ‘ਤੇ 2 ਧਮਕੀ ਭਰੇ ਤੇ ਅਪਮਾਨਜਨਕ ਈ-ਮੇਲ ਭੇਜਣ ਦੇ ਦੋਸ਼ ਮੰਨੇ ਹਨ। ਇਹ ਈ-ਮੇਲ ਭਾਰਤੀ ਮੂਲ ਦੇ ਬ੍ਰਿਟਿਸ਼ ਨੇਤਾ ਦੇ ਨਿੱਜੀ ਸਹਾਇਕ ਵਲੋਂ ਦੇਖੇ ਗਏ ਸਨ ਤੇ ਉਸ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ। ਅਦਾਲਤ ਨੇ ਕਿਹਾ ਕਿ ‘ਲੀਅਮ ਸ਼ਾਅ ਨੇ ਆਪਣੇ ਫ਼ੋਨ ਦੀ ਵਰਤੋਂ ਇਕ ਬਹੁਤ ਮਹੱਤਵਪੂਰਨ ਜਨਤਕ ਅਹੁਦੇ ‘ਤੇ ਇਕ ਵਿਅਕਤੀ ਨੂੰ ਨਸਲੀ ਅਤੇ ਧਮਕੀ ਭਰੇ ਸੁਨੇਹੇ ਭੇਜਣ ਲਈ ਕੀਤੀ।’ ਉਨ੍ਹਾਂ ਕਿਹਾ, ”ਅੱਜ ਦੇ ਸਮੇਂ ‘ਚ ਕਿਤੇ ਵੀ ਨਸਲੀ ਸ਼ੋਸ਼ਣ ਲਈ ਕੋਈ ਥਾਂ ਨਹੀਂ ਹੈ।” ਅਦਾਲਤ ਨੇ ਸ਼ਾਅ ਨੂੰ 20 ਦਿਨਾਂ ਦੀ ਪੁਨਰਵਾਸ ਗਤੀਵਿਧੀ ਤੇ 6 ਮਹੀਨਿਆਂ ਦਾ ਨਸ਼ਾ-ਛੁਡਾਊ ਕੋਰਸ ਵੀ ਪੂਰਾ ਕਰਨ ਦੇ ਹੁਕਮ ਦਿੱਤੇ ਹਨ।