10 ਹਜ਼ਾਰ ਕਰਮਚਾਰੀ ਕੰਮ ‘ਤੇ ਪਰਤਣਗੇ; ਲੱਖਾਂ ਲੋਕਾਂ ਨੂੰ ਝੱਲਣੀ ਪਈ ਪਰੇਸ਼ਾਨੀ
ਵੈਨਕੂਵਰ, 20 ਅਗਸਤ (ਪੰਜਾਬ ਮੇਲ)- ਬੀਤੇ ਹਫ਼ਤੇ ਸ਼ੁਰੂ ਹੋਈ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਾਂ ਦੀ ਹੜਤਾਲ ਆਖ਼ਿਰਕਾਰ ਖ਼ਤਮ ਹੋ ਗਈ ਹੈ। ਏਅਰ ਕੈਨੇਡਾ ਦੇ 10,000 ਦੇ ਕਰੀਬ ਫਲਾਈਟ ਅਟੈਂਡੈਂਟਸ ਦੀ ਯੂਨੀਅਨ ਨੇ ਮੰਗਲਵਾਰ ਸਵੇਰੇ ਐਲਾਨ ਕੀਤਾ ਕਿ ਉਨ੍ਹਾਂ ਦਾ ਏਅਰਲਾਈਨ ਨਾਲ ਇਕ ਸਮਝੌਤਾ ਹੋ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਬੀਤੇ ਹਫ਼ਤੇ ਤੋਂ ਚੱਲ ਰਹੀ ਇਸ ਹੜਤਾਲ ਕਾਰਨ ਹਰ ਰੋਜ਼ ਲਗਭਗ 1.3 ਲੱਖ ਯਾਤਰੀ ਪ੍ਰਭਾਵਿਤ ਹੋ ਰਹੇ ਸਨ। ਏਅਰ ਕੈਨੇਡਾ ਰੋਜ਼ਾਨਾ ਤਕਰੀਬਨ 700 ਉਡਾਣਾਂ ਚਲਾਉਂਦੀ ਹੈ, ਪਰ ਪਿਛਲੇ ਵੀਰਵਾਰ ਤੋਂ ਹੁਣ ਤੱਕ ਏਅਰਲਾਈਨ ਨੂੰ ਇਸ ਹੜਤਾਲ ਕਾਰਨ 2,500 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਹਨ।
ਕਰਮਚਾਰੀਆਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਗ੍ਰਾਊਂਡਵਰਕ ਦੀ ਤਨਖਾਹ ਵੀ ਦਿੱਤੀ ਜਾਵੇ, ਜਿਸ ਨੂੰ ਕਰੀਬ 4 ਦਿਨਾਂ ਦੀ ਹੜਤਾਲ ਮਗਰੋਂ ਮੰਨ ਲਿਆ ਗਿਆ ਹੈ। ਹੁਣ ਫਲਾਈਟ ਅਟੈਂਡੈਂਟਸ ਨੂੰ ਉਸ ਸਮੇਂ ਦਾ ਵੀ ਭੁਗਤਾਨ ਕੀਤਾ ਜਾਵੇਗਾ, ਜਦੋਂ ਜਹਾਜ਼ ਜ਼ਮੀਨ ‘ਤੇ ਖੜ੍ਹੇ ਹੁੰਦੇ ਹਨ। ਯੂਨੀਅਨ ਨੇ ਕਿਹਾ ਕਿ ਬਿਨਾਂ ਤਨਖਾਹ ਵਾਲਾ ਕੰਮ ਖ਼ਤਮ ਹੋ ਗਿਆ ਹੈ। ਅਸੀਂ ਆਪਣੀ ਆਵਾਜ਼ ਤੇ ਆਪਣਾ ਹੱਕ ਵਾਪਸ ਹਾਸਲ ਕਰ ਲਿਆ ਹੈ।
ਇਸ ਤੋਂ ਪਹਿਲਾਂ ਕੈਨੇਡਾ ਇੰਡਸਟ੍ਰੀਅਲ ਰਿਲੇਸ਼ਨਜ਼ ਬੋਰਡ ਨੇ ਹੜਤਾਲ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ ਤੇ ਫਲਾਈਟ ਅਟੈਂਡੈਂਟਸ ਨੂੰ ਕੰਮ ‘ਤੇ ਵਾਪਸ ਆਉਣ ਦਾ ਹੁਕਮ ਦਿੱਤਾ ਸੀ, ਪਰ ਯੂਨੀਅਨ ਨੇ ਹੁਕਮਾਂ ਨੂੰ ਨਹੀਂ ਮੰਨਿਆ ਤੇ ਆਪਣੀਆਂ ਮੰਗਾਂ ਲਈ ਹੜਤਾਲ ਜਾਰੀ ਰੱਖੀ। ਏਅਰ ਕੈਨੇਡਾ ਨੇ ਆਪਣੇ ਨਵੇਂ ਪ੍ਰਸਤਾਵ ‘ਚ 4 ਸਾਲਾਂ ਲਈ 38 ਫ਼ੀਸਦੀ ਕੁੱਲ ਪੈਕੇਜ (ਤਨਖਾਹ, ਪੈਨਸ਼ਨ, ਸੁਵਿਧਾਵਾਂ ਸਮੇਤ) ਦੇਣ ਦੀ ਗੱਲ ਕੀਤੀ ਸੀ, ਪਰ ਯੂਨੀਅਨ ਨੇ ਇਸ ਨੂੰ ਨਾਕਾਫ਼ੀ ਮੰਨਿਆ। ਖ਼ਾਸ ਕਰ ਕੇ ਪਹਿਲੇ ਸਾਲ ਲਈ 8 ਫ਼ੀਸਦੀ ਵਾਧੇ ਨੂੰ ਉਨ੍ਹਾਂ ਨੇ ਮਹਿੰਗਾਈ ਦੇ ਮੱਦੇਨਜ਼ਰ ਘੱਟ ਕਰਾਰ ਦਿੱਤਾ ਸੀ। ਹੁਣ ਯੂਨੀਅਨ ਮੈਂਬਰ ਇਸ ਅਸਥਾਈ ਸਮਝੌਤੇ ‘ਤੇ ਵੋਟਿੰਗ ਕਰਨਗੇ। ਉਥੇ ਹੀ, ਜਿਨ੍ਹਾਂ ਯਾਤਰੀਆਂ ਦੀਆਂ ਉਡਾਣਾਂ ਰੱਦ ਹੋਈਆਂ ਹਨ, ਉਹ ਏਅਰ ਕੈਨੇਡਾ ਦੀ ਵੈਬਸਾਈਟ ਜਾਂ ਐਪ ਰਾਹੀਂ ਪੂਰਾ ਰਿਫੰਡ ਲੈ ਸਕਣਗੇ।
ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਾਂ ਦੀ ਹੜਤਾਲ ਹੋਈ ਖਤਮ!
