#CANADA

ਡਾ. ਐੱਸ.ਪੀ. ਸਿੰਘ ਓਬਰਾਏ ਦਾ ਬਰੈਂਪਟਨ ਵਿਖੇ ਹੋਇਆ ਸਨਮਾਨ

-ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲ੍ਹੀ ਵਿਸ਼ੇਸ਼ ਤੌਰ ‘ਤੇ ਹੋਏ ਹਾਜ਼ਰ
ਟੋਰਾਂਟੋ, 20 ਅਗਸਤ (ਪੰਜਾਬ ਮੇਲ)- ਉੱਘੇ ਸਮਾਜ ਸੇਵੀ ਅਤੇ ਬਿਜ਼ਨਸਮੈਨ ਡਾ. ਐੱਸ.ਪੀ. ਸਿੰਘ ਓਬਰਾਏ ਅੱਜਕੱਲ੍ਹ ਉੱਤਰੀ ਅਮਰੀਕਾ ਦੇ ਦੌਰੇ ‘ਤੇ ਹਨ, ਜਿੱਥੇ ਉਹ ਵੱਖ-ਵੱਖ ਸਮਾਗਮਾਂ ਵਿਚ ਹਿੱਸਾ ਲੈ ਰਹੇ ਹਨ। ਬਰੈਂਪਟਨ ਪਹੁੰਚਣ ‘ਤੇ ਵਿਸ਼ਵ ਪੰਜਾਬੀ ਭਵਨ ਬਰੈਂਪਟਨ ਵਿਖੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਲਈ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਡਾ. ਦਲਬੀਰ ਸਿੰਘ ਕਥੂਰੀਆ ਅਤੇ ਉਨ੍ਹਾਂ ਦੀ ਸੰਸਥਾ ਵੱਲੋਂ ਇਸ ਮੌਕੇ ਵਿਸ਼ਵ ਪੰਜਾਬੀ ਭਵਨ ਵਿਖੇ ਇੱਕ ਭਰਵਾਂ ਇਕੱਠ ਕੀਤਾ ਗਿਆ। ਇਥੇ ਬੋਲਦਿਆਂ ਡਾ. ਓਬਰਾਏ ਨੇ ਜਿੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ ਵੱਖ-ਵੱਖ ਕੰਮਾਂ ਬਾਰੇ ਜਾਣਕਾਰੀ ਦਿੱਤੀ, ਉਥੇ ਅਨੰਦਪੁਰ ਸਾਹਿਬ ਵਿਖੇ ਉਨ੍ਹਾਂ ਵੱਲੋਂ ਖੋਲੀ ਜਾ ਰਹੀ ਯੂਨੀਵਰਸਿਟੀ ਬਾਰੇ ਵੀ ਆਏ ਹੋਏ ਸਰੋਤਿਆਂ ਨੂੰ ਦੱਸਿਆ। ਇਸ ਮੌਕੇ ਡਾ. ਦਲਬੀਰ ਸਿੰਘ ਕਥੂਰੀਆ ਨੇ ਉਨ੍ਹਾਂ ਦੇ ਜੀਵਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲ੍ਹੀ ਨੇ ਕਿਹਾ ਕਿ ਡਾ. ਐੱਸ.ਪੀ. ਸਿੰਘ ਓਬਰਾਏ ਇਕ ਮਹਾਨ ਹਸਤੀ ਹਨ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ, ਉਹ ਥੋੜ੍ਹੀ ਹੈ। ਕੁੱਲ੍ਹ ਮਿਲਾ ਕੇ ਇਹ ਸਮਾਗਮ ਕਾਮਯਾਬ ਰਿਹਾ।