#CANADA

ਕੈਨੇਡਾ ‘ਚ ਵਧਿਆ ਰੁਜ਼ਗਾਰ ਸੰਕਟ; ਪੰਜਾਬੀ ਭਾਈਚਾਰਾ ਸਭ ਤੋਂ ਵੱਧ ਪ੍ਰਭਾਵਿਤ

ਟੋਰਾਂਟੋ, 19 ਅਗਸਤ (ਪੰਜਾਬ ਮੇਲ)- ਕੈਨੇਡਾ ‘ਚ ਰੁਜ਼ਗਾਰ ਸੰਕਟ ਵਧਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਜੁਲਾਈ ਵਿਚ 40 ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ। ਉੱਥੇ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਅੱਠ ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਬੇਰੁਜ਼ਗਾਰੀ ਦਰ 6.9 ਪ੍ਰਤੀਸ਼ਤ ‘ਤੇ ਸਥਿਰ ਰਹੀ ਪਰ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਸਨੂੰ 7 ਪ੍ਰਤੀਸ਼ਤ ਦੇ ਅੰਕੜੇ ਨੂੰ ਪਾਰ ਕਰਨ ਵਿਚ ਬਹੁਤਾ ਸਮਾਂ ਨਹੀਂ ਲੱਗੇਗਾ। ਪੰਜਾਬੀ ਮੂਲ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਜਿਨ੍ਹਾਂ ਖੇਤਰਾਂ ਵਿਚ ਵਧੇਰੇ ਨੌਕਰੀਆਂ ਖੁੱਸੀਆਂ ਹਨ, ਉਨ੍ਹਾਂ ਨੂੰ ਪੰਜਾਬੀ ਭਾਈਚਾਰੇ ਦਾ ਗੜ੍ਹ ਮੰਨਿਆ ਜਾਂਦਾ ਹੈ। ਅਜਿਹਾ ਹੋਣ ਦੇ ਪਿੱਛੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਨੂੰ ਮੰਨਿਆ ਗਿਆ ਹੈ। ਟਰੰਪ ਦੇ ਟੈਰਿਫ ਦਾ ਅਸਰ ਪ੍ਰਮੁੱਖ ਉਦਯੋਗਾਂ ‘ਤੇ ਪਿਆ ਹੈ।
ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਨੇ ਦਿਖਾਇਆ ਹੈ ਕਿ ਅਰਥਵਿਵਸਥਾ ਨੇ ਜੂਨ ਵਿਚ 83,000 ਨੌਕਰੀਆਂ ਪੈਦਾ ਕੀਤੀਆਂ ਪਰ ਜੁਲਾਈ ਵਿਚ 40,800 ਨੌਕਰੀਆਂ ਗੁਆ ਦਿੱਤੀਆਂ, ਜਿਸ ਨਾਲ ਉਸ ਲਾਭ ਦਾ ਲਗਭਗ ਅੱਧਾ ਹਿੱਸਾ ਖਤਮ ਹੋ ਗਿਆ। ਕੈਨੇਡੀਅਨ ਮਾਮਲਿਆਂ ਦੇ ਇਕ ਮਾਹਰ ਦਾ ਕਹਿਣਾ ਹੈ ਕਿ ਅੰਕੜੇ ਦੱਸਦੇ ਹਨ ਅਰਥਵਿਵਸਥਾ ਵਿਚ ਮੰਦੀ ਦੇ ਸੰਕੇਤ ਹਨ। ਸਭ ਤੋਂ ਵੱਧ ਨੌਕਰੀਆਂ ਸੂਚਨਾ, ਸੱਭਿਆਚਾਰ ਅਤੇ ਮਨੋਰੰਜਨ ਉਦਯੋਗ ਵਿਚ ਗਈਆਂ ਹਨ, ਜਿੱਥੇ 29,000 ਨੌਕਰੀਆਂ ਦੇ ਮੌਕੇ ਖ਼ਤਮ ਹੋ ਗਏ। ਉਸਾਰੀ ਖੇਤਰ ਨੂੰ ਵੀ ਭਾਰੀ ਨੁਕਸਾਨ ਹੋਇਆ। ਇਕੱਲੇ ਅਲਬਰਟਾ ਵਿਚ ਹੀ 17,000 ਨੌਕਰੀਆਂ ਖ਼ਤਮ ਹੋ ਗਈਆਂ ਅਤੇ ਸੂਬੇ ਦੇ ਨਿਰਮਾਣ ਖੇਤਰ ਵਿਚ 20,000 ਤੋਂ ਵੱਧ ਰੁਜ਼ਗਾਰ ਦੇ ਮੌਕੇ ਖਤਮ ਹੋ ਗਏ। ਨੌਕਰੀਆਂ ਦੇ ਨੁਕਸਾਨ ਦਾ ਸਭ ਤੋਂ ਵੱਡਾ ਕਾਰਨ 15 ਤੋਂ 24 ਸਾਲ ਦੀ ਉਮਰ ਦੇ ਲੋਕਾਂ ਵਿਚ ਰੁਜ਼ਗਾਰ ਦੇ ਪੱਧਰ ਵਿਚ ਗਿਰਾਵਟ ਹੈ ਅਤੇ 1998 ਤੋਂ ਬਾਅਦ ਪਹਿਲੀ ਵਾਰ ਇਸ ਉਮਰ ਸਮੂਹ ਦੇ ਸਿਰਫ 53.6 ਪ੍ਰਤੀਸ਼ਤ ਕਾਮੇ ਕੰਮ ਕਰ ਰਹੇ ਹਨ। ਜੁਲਾਈ ਵਿਚ 16 ਲੱਖ ਕਾਮਿਆਂ ਨੂੰ ਬੇਰੁਜ਼ਗਾਰ ਮੰਨਿਆ ਗਿਆ ਸੀ ਅਤੇ ਵਿਦਿਆਰਥੀਆਂ ਵਿਚ ਬੇਰੁਜ਼ਗਾਰੀ ਦਰ 17.4 ਪ੍ਰਤੀਸ਼ਤ ਦਰਜ ਕੀਤੀ ਗਈ ਸੀ।
ਕੈਨੇਡਾ ਵਿਚ ਪੰਜਾਬੀ ਮੂਲ ਦੇ ਵੱਡੀ ਗਿਣਤੀ ਵਿਚ ਲੋਕ ਸਟੱਡੀ ਵੀਜ਼ਿਆਂ ‘ਤੇ ਹਨ। ਇਸ ਲਈ ਉਹ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਓਨਟਾਰੀਓ ਦੇ ਕਾਲਜਾਂ ਵਿਚ ਵਿਦਿਆਰਥੀ ਵੀਜ਼ਿਆਂ ‘ਤੇ ਪਾਬੰਦੀ ਤੋਂ ਬਾਅਦ ਲਗਭਗ 10 ਹਜ਼ਾਰ ਕਾਲਜ ਫੈਕਲਟੀ ਅਤੇ ਸਹਾਇਕ ਸਟਾਫ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਜਾਂ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ। ਓਨਟਾਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਕਾਲਜ ਰੁਜ਼ਗਾਰ ਵਿਚ ਗਿਰਾਵਟ ਇੱਕ ਵੱਡੇ ਲੇਬਰ ਮਾਰਕੀਟ ਸੰਕਟ ਦਾ ਹਿੱਸਾ ਹੈ। ਕੈਨੇਡਾ ਵਿਚ ਓਨਟਾਰੀਓ ਵਿਚ ਟੋਰਾਂਟੋ, ਬਰੈਂਪਟਨ ਅਤੇ ਮਿਸੀਸਾਗਾ ਵਰਗੇ ਖੇਤਰ ਹਨ, ਜਿੱਥੇ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਕੈਨੇਡਾ ਦੇ ਬੀ.ਸੀ. ਦੇ ਇਕ ਵਸਨੀਕ ਦਾ ਕਹਿਣਾ ਹੈ ਕਿ ਇੱਥੇ ਸਥਿਤੀ ਵਿਗੜਦੀ ਜਾ ਰਹੀ ਹੈ। ਵਿਦਿਆਰਥੀਆਂ ਕੋਲ ਕੰਮ ਨਹੀਂ ਹੈ। ਭਾਵੇਂ ਉਨ੍ਹਾਂ ਨੂੰ ਨੌਕਰੀ ਮਿਲ ਜਾਵੇ, ਪੀ.ਆਰ. ਫਾਈਲ ਨੂੰ ਕਲੀਅਰ ਕਰਨਾ ਅਸੰਭਵ ਹੈ।