#AMERICA

ਭਾਰਤੀ ਟਰੱਕ ਡਰਾਈਵਰ ਕੋਲੋਂ 10 ਮਿਲੀਅਨ ਅਮਰੀਕੀ ਡਾਲਰ ਦੀ ਕੋਕੀਨ ਜ਼ਬਤ

ਨਿਊਯਾਰਕ, 18 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਕੈਨੇਡਾ ਦੇ ਰਹਿਣ ਵਾਲੇ ਇਕ 31 ਸਾਲਾ ਭਾਰਤੀ ਨਾਗਰਿਕ ਵਿਸ਼ਵਪਾਲ ਸਿੰਘ ਨੂੰ ਨਿਊਯਾਰਕ ਵਿਚ ਸਪਲਾਈ ਦੇ ਇਰਾਦੇ ਨਾਲ ਕੋਕੀਨ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਅਪਰਾਧ ਲਈ ਘੱਟੋ-ਘੱਟ ਉਸ ਨੂੰ 10 ਸਾਲ ਦੀ ਕੈਦ, ਸੰਭਾਵੀ ਉਮਰ ਕੈਦ ਅਤੇ 10 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਅਧਿਕਾਰੀਆਂ ਨੇ ਸਿੰਘ ਨੂੰ ਇੱਕ ਕਰਾਸ-ਕੰਟਰੀ ਟਰੱਕਿੰਗ ਰੂਟ ‘ਤੇ ਰੋਕਿਆ। ਜਾਂਚਕਰਤਾਵਾਂ ਨੂੰ ਉਸਦੇ ਟਰੈਕਟਰ-ਟ੍ਰੇਲਰ ਵਿਚ ਫੈਬਰਿਕ ਸਾਫਟਨਰ ਦੇ ਡੱਬਿਆਂ ਦੇ ਅੰਦਰ ਲੁਕਾਈ ਹੋਈ 108 ਕਿਲੋਗ੍ਰਾਮ ਕੋਕੀਨ ਮਿਲੀ। ਅਮਰੀਕੀ ਅਟਾਰਨੀ ਮਾਈਕਲ ਡਿਗਿਆਕੋਮੋ ਨੇ ਨਿਊਯਾਰਕ ਦੇ ਪੱਛਮੀ ਜ਼ਿਲ੍ਹੇ ਵਿਚ ਇੱਕ ਅੰਤਰਰਾਸ਼ਟਰੀ ਸਰਹੱਦੀ ਕਰਾਸਿੰਗ ‘ਤੇ ਜ਼ਬਤ ਕੀਤੀ ਗਈ ਕੋਕੀਨ ਸਭ ਤੋਂ ਵੱਡੇ ਜ਼ਬਤ ਵਿਚੋਂ ਇਸ ਨੂੰ ਇੱਕ ਦੱਸਿਆ ਹੈ। ਸੰਘੀ ਜਾਂਚਕਰਤਾਵਾਂ ਨੇ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਕਈ ਰਾਜਾਂ ਵਿਚ ਟਰੈਕ ਕੀਤਾ ਸੀ। ਇਹ ਮਾਮਲਾ ਜੁਲਾਈ 2025 ਵਿਚ ਡੇਟ੍ਰਾਇਟ ਅੰਬੈਸਡਰ ਬ੍ਰਿਜ ‘ਤੇ ਹੋਈ ਜ਼ਬਤੀ ਨਾਲ ਜੁੜਿਆ ਹੋਇਆ ਹੈ, ਜਿੱਥੇ ਅਧਿਕਾਰੀਆਂ ਨੇ ਪਵਨਜੀਤ ਗਿੱਲ ਤੋਂ 228 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਸੀ। ਉਸ ਘਟਨਾ ਤੋਂ ਮਿਲੀ ਖੁਫੀਆ ਜਾਣਕਾਰੀ ਨੇ ਅਧਿਕਾਰੀਆਂ ਨੂੰ ਨਿਊਯਾਰਕ ਵਿਚ ਸਿੰਘ ਨੂੰ ਰੋਕਣ ਵਿਚ ਮਦਦ ਕੀਤੀ। ਸਿੰਘ ਅਮਰੀਕੀ ਮੈਜਿਸਟ੍ਰੇਟ ਜੱਜ ਮਾਈਕਲ ਜੇ. ਰੋਮਰ ਦੇ ਸਾਹਮਣੇ ਪੇਸ਼ ਹੋਇਆ ਅਤੇ ਹਿਰਾਸਤ ਵਿਚ ਹੈ। ਉਸਦੀ ਨਜ਼ਰਬੰਦੀ ਦੀ ਸੁਣਵਾਈ 19 ਅਗਸਤ ਨੂੰ ਹੋਣੀ ਹੈ, ਜਿੱਥੇ ਅਦਾਲਤ ਫੈਸਲਾ ਕਰੇਗੀ ਕਿ ਉਸਨੂੰ ਮੁਕੱਦਮੇ ਤੋਂ ਪਹਿਲਾਂ ਰਿਹਾਅ ਕੀਤਾ ਜਾ ਸਕਦਾ ਹੈ ਜਾਂ ਨਹੀਂ। ਫਿਲਹਾਲ, ਉਸਨੂੰ ਸਖ਼ਤ ਸੰਘੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।