#PUNJAB

ਮਨੀਸ਼ ਸਿਸੋਦੀਆ ਖਿਲਾਫ ਸੁਖਬੀਰ ਬਾਦਲ ਤੇ ਸੁਨੀਤ ਜਾਖੜ ਵੱਲੋਂ ਕਾਰਵਾਈ ਦੀ ਮੰਗ

ਚੰਡੀਗੜ੍ਹ, 16 ਅਗਸਤ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਖ਼ਿਲਾਫ਼ ਕਾਰਵਾਈ ਕਰੇ, ਜੋ ਪੰਜਾਬ ‘ਚ ਵੱਖ-ਵੱਖ ਭਾਈਚਾਰਿਆਂ ਵਿਚਾਲੇ ਹਿੰਸਾ ਭੜਕਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੇ ਭ੍ਰਿਸ਼ਟਾਚਾਰ ਕੇਸ ਵਿਚ ਸਿਸੋਦੀਆ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹ ਲਗਾਤਾਰ ਭੜਕਾਊ ਭਾਸ਼ਣ ਦੇ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਹਾਲ ਹੀ ਵਿਚ ਮਨੀਸ਼ ਸਿਸੋਦੀਆ ਵੱਲੋਂ ਦਿੱਤੇ ਭਾਸ਼ਣ ਜਿਸਦੀ ਵੀਡੀਓ ਜਨਤਕ ਹੈ, ਜਿਸ ਵਿਚ ਉਹ ਆਪ ਵਰਕਰਾਂ ਨੂੰ ਝੂਠ ਬੋਲਣ, ਝੂਠੇ ਵਾਅਦੇ ਕਰਨ, ਵੋਟਰਾਂ ਨੂੰ ਭਰਮਾਉਣ ਅਤੇ 2027 ਦੀਆਂ ਚੋਣਾਂ ਜਿੱਤਣ ਵਾਸਤੇ ਹਿੰਸਾ ਤੱਕ ਕਰਨ ਵਾਸਤੇ ਆਖ ਰਹੇ ਹਨ, ਇਹ ਇਸ ਗੱਲ ਦਾ ਸਬੂਤ ਹੈ ਕਿ ਆਪ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਲਈ ਚੋਣ ਕਮਿਸ਼ਨ ਨੂੰ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਸਿਸੋਦੀਆ ਦੇ ਖ਼ਿਲਾਫ਼ ਫ਼ੌਜਦਾਰੀ ਕੇਸ ਦਰਜ ਕਰਨ ਦੇ ਹੁਕਮ ਦੇਣ ਕਿਉਂਕਿ ਆਪ ਸਰਕਾਰ ਵੱਲੋਂ ਦਿੱਲੀ ਦੇ ਆਗੂ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਸੰਭਾਵਨਾ ਨਹੀਂ ਹੈ।
ਜਾਖੜ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਆਜ਼ਾਦੀ ਦਿਹਾੜੇ ਤੋਂ ਪਹਿਲੇ ਦਿਨ ਮਨੀਸ਼ ਸਿਸੋਦੀਆ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਹ ਪਾਰਟੀ ਵਰਕਰਾਂ ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ‘ਸਾਮ, ਦਾਮ, ਦੰਡ, ਭੇਦ’ ਸਣੇ ਹਰ ਚੰਗਾ-ਮਾੜਾ ਹੀਲਾ ਵਰਤਣ ਲਈ ਉਤਸ਼ਾਹਿਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਇਸ ਤਰ੍ਹਾਂ ਜਿੱਥੇ ਪੰਜਾਬ ਦੀ ਜਮਹੂਰੀਅਤ ਲਈ ਖ਼ਤਰਾ ਖੜ੍ਹਾ ਕਰ ਰਹੇ ਹਨ, ਉੱਥੇ ਹੀ ਸੂਬੇ ਦੀ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਵੀ ਖਰਾਬ ਕਰਨਾ ਦੀ ਕੋਸ਼ਿਸ਼ ਕਰ ਰਹੇ ਹਨ।
ਜਾਖੜ ਨੇ ਮੰਗ ਕੀਤੀ ਕਿ ਮਨੀਸ਼ ਸਸੋਦੀਆ ਵਿਰੁੱਧ ਫ਼ੌਰੀ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਕਿ ਸੂਬੇ ਵਿਚ ਅਜਿਹੀ ਕਿਸੇ ਵੀ ਮਾੜੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।