#AMERICA

ਭਾਰਤ ਨੂੰ ਡੈੱਡ ਇਕੋਨਮੀ ਕਹਿਣ ਵਾਲੇ ਟਰੰਪ ਨੂੰ ਅਮਰੀਕੀ ਰੇਟਿੰਗ ਏਜੰਸੀ ਵੱਲੋਂ ਮਿਲਿਆ ਤਗੜਾ ਜਵਾਬ

ਨਵੀਂ ਦਿੱਲੀ, 15 ਅਗਸਤ (ਪੰਜਾਬ ਮੇਲ) – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ‘ਚ ਭਾਰਤ ਦੀ ਇਕੋਨਮੀ ਨੂੰ ਡੈੱਡ ਇਕੋਨਮੀ ਕਿਹਾ ਸੀ। ਹੁਣ ਉਨ੍ਹਾਂ ਨੂੰ ਕਿਸੇ ਹੋਰ ਤੋਂ ਨਹੀਂ, ਸਗੋਂ ਗਲੋਬਲ ਰੇਟਿੰਗ ਏਜੰਸੀ ਐੱਸ. ਐਂਡ ਪੀ. ਵੱਲੋਂ ਤਗੜਾ ਜਵਾਬ ਮਿਲ ਗਿਆ ਹੈ।
ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਨੇ ਭਾਰਤ ਦੀ ਸਾਖ ਨੂੰ ਇਕ ਸਥਾਨ ਵਧਾ ਕੇ ‘ਬੀ.ਬੀ.ਬੀ.’ ਕਰ ਦਿੱਤਾ। ਮਹਿੰਗਾਈ ‘ਤੇ ਰੋਕ ਲਾਉਣ ਵਾਲੇ ਬਿਹਤਰ ਮੁਦਰਾ ਨੀਤੀ ਉਪਰਾਲਿਆਂ ਨਾਲ ਮਜ਼ਬੂਤ ਆਰਥਿਕ ਵਾਧੇ ਦਾ ਹਵਾਲਾ ਦਿੰਦਿਆਂ ਰੇਟਿੰਗ ਵਧਾਈ ਗਈ ਹੈ।
ਭਾਰਤ ਦੀ ਰੇਟਿੰਗ ਨੂੰ ਹੇਠਲੇ ਨਿਵੇਸ਼ ਪੱਧਰ ‘ਬੀ.ਬੀ.ਬੀ.-‘ ਤੋਂ ਵਧਾਉਣ ਵਾਲੀ ਐੱਸ. ਐਂਡ ਪੀ. ਪਹਿਲੀ ਗਲੋਬਲ ਰੇਟਿੰਗ ਏਜੰਸੀ ਹੈ। ਐੱਸ. ਐਂਡ ਪੀ. ਨੇ ਇਕ ਬਿਆਨ ‘ਚ ਕਿਹਾ, ”ਭਾਰਤ ਮਾਲੀਆ ਮਜ਼ਬੂਤੀ ਨੂੰ ਪਹਿਲ ਦੇ ਰਿਹਾ ਹੈ। ਇਹ ਮਜ਼ਬੂਤ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਮੁਹਿੰਮ ਨੂੰ ਬਣਾਈ ਰੱਖਦੇ ਹੋਏ ਸਥਾਈ ਜਨਤਕ ਵਿੱਤ ਪ੍ਰਦਾਨ ਕਰਨ ਨੂੰ ਲੈ ਕੇ ਸਰਕਾਰ ਦੀ ਰਾਜਨੀਤਕ ਵਚਨਬੱਧਤਾ ਨੂੰ ਦਰਸਾਉਂਦਾ ਹੈ।”
ਰੇਟਿੰਗ ਏਜੰਸੀ ਨੇ ਮਜ਼ਬੂਤ ਆਰਥਿਕ ਵਾਧਾ, ਮਾਲੀਆ ਮਜ਼ਬੂਤੀ ਲਈ ਰਾਜਨੀਤਿਕ ਵਚਨਬੱਧਤਾ ਅਤੇ ਮਹਿੰਗਾਈ ਨੂੰ ਕੰਟਰੋਲ ‘ਚ ਲਿਆਉਣ ਲਈ ਬਿਹਤਰ ਮੁਦਰਾ ਨੀਤੀ ਉਪਰਾਲਿਆਂ ਦਾ ਹਵਾਲਾ ਦਿੰਦੇ ਹੋਏ 19 ਸਾਲਾਂ ਬਾਅਦ ਭਾਰਤ ਦੀ ਰੇਟਿੰਗ ਵਧਾਈ ਹੈ। ਐੱਸ. ਐਂਡ ਪੀ. ਨੇ ਜਨਵਰੀ 2007 ‘ਚ ਭਾਰਤ ਨੂੰ ਸਭ ਤੋਂ ਹੇਠਲੇ ਨਿਵੇਸ਼ ਪੱਧਰ ਦੀ ਰੇਟਿੰਗ ‘ਬੀ.ਬੀ.ਬੀ.-‘ ਦਿੱਤੀ ਸੀ।
ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਨੇ ਕਿਹਾ, ”ਭਾਰਤ ਦੁਨੀਆਂ ‘ਚ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਅਰਥਵਿਵਸਥਾਵਾਂ ‘ਚੋਂ ਇਕ ਹੈ। ਪਿਛਲੇ 5-6 ਸਾਲਾਂ ‘ਚ ਸਰਕਾਰੀ ਖਰਚ ਦੀ ਗੁਣਵੱਤਾ ‘ਚ ਸੁਧਾਰ ਹੋਇਆ ਹੈ।”
ਐੱਸ. ਐਂਡ ਪੀ. ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ‘ਤੇ ਅਮਰੀਕੀ ਟੈਰਿਫ ਦਾ ਅਸਰ ਮੈਨੇਜਮੈਂਟ ਦੇ ਘੇਰੇ ‘ਚ ਹੋਵੇਗਾ। ਭਾਰਤ ‘ਤੇ ਜੇਕਰ 50 ਫੀਸਦੀ ਟੈਰਿਫ ਲਾਇਆ ਜਾਂਦਾ ਹੈ, ਤਾਂ ਇਸ ਨਾਲ ਵਾਧੇ ‘ਤੇ ਕੋਈ ਵੱਡਾ ਅਸਰ ਪੈਣ ਦਾ ਖਦਸ਼ਾ ਨਹੀਂ ਹੈ।
ਏਜੰਸੀ ਨੇ ਕਿਹਾ, ”ਭਾਰਤ ਵਪਾਰ ‘ਤੇ ਉਮੀਦ ਤੋਂ ਘੱਟ ਨਿਰਭਰ ਹੈ ਅਤੇ ਇਸ ਦਾ ਲਗਭਗ 60 ਫੀਸਦੀ ਆਰਥਿਕ ਵਾਧਾ ਘਰੇਲੂ ਖਪਤ ਤੋਂ ਆਉਂਦਾ ਹੈ।” ਅਮਰੀਕੀ ਏਜੰਸੀ ਦੀ ਰੇਟਿੰਗ ‘ਚ ਇਹ ਸੁਧਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਨੂੰ ‘ਮ੍ਰਿਤਕ ਅਰਥਵਿਵਸਥਾ’ ਕਹੇ ਜਾਣ ਦੇ ਕੁਝ ਦਿਨ ਬਾਅਦ ਆਇਆ ਹੈ।
ਬਿਆਨ ਅਨੁਸਾਰ, ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਨੇ ਭਾਰਤ ਦੀ ਲੰਮੀ ਮਿਆਦ ਦੀ ‘ਸਾਵਰੇਨ’ ਸਾਖ ਨੂੰ ‘ਬੀ.ਬੀ.ਬੀ.-‘ ਤੋਂ ਵਧਾ ਕੇ ਬੀ.ਬੀ.ਬੀ. ਅਤੇ ਛੋਟੀ ਮਿਆਦ ਦੀ ਰੇਟਿੰਗ ਨੂੰ ‘ਏ-3’ ਤੋਂ ਵਧਾ ਕੇ ‘ਏ-2’ ਕਰ ਦਿੱਤਾ ਹੈ। ਅਮਰੀਕੀ ਏਜੰਸੀ ਨੇ ਕਿਹਾ ਕਿ ਲੰਮੀ ਮਿਆਦ ਦੀ ਰੇਟਿੰਗ ਦਾ ਦ੍ਰਿਸ਼ ਸਥਿਰ ਹੈ।
ਬਿਆਨ ਅਨੁਸਾਰ ਹਾਲਾਂਕਿ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ ਪਰ 50 ਫੀਸਦੀ ਟੈਰਿਫ (ਜੇਕਰ ਲਾਇਆ ਜਾਂਦਾ ਹੈ) ਨਾਲ ਵਾਧੇ ‘ਤੇ ਕੋਈ ਵੱਡਾ ਅਸਰ ਪੈਣ ਦਾ ਖਦਸ਼ਾ ਨਹੀਂ ਹੈ।