ਨਵੀਂ ਦਿੱਲੀ, 14 ਅਗਸਤ (ਪੰਜਾਬ ਮੇਲ)-ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਬਿਹਾਰ ਦੇ ਕੁਝ ‘ਮ੍ਰਿਤ’ ਵੋਟਰਾਂ ਨਾਲ ਚਾਹ ਪੀ ਕੇ ਨਿਵੇਕਲਾ ਤਜ਼ਰਬਾ ਹੋਇਆ, ਜਿਸ ਲਈ ਉਨ੍ਹਾਂ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਹੈ। ਬਿਹਾਰ ਦੇ ਸੱਤ ਵੋਟਰਾਂ ਨੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਨਾਲ ਇਥੇ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕਰਕੇ ਚੋਣ ਕਮਿਸ਼ਨ ਵੱਲੋਂ ‘ਮ੍ਰਿਤ’ ਐਲਾਨੇ ਜਾਣ ਅਤੇ ਵੋਟਰ ਸੂਚੀਆਂ ‘ਚੋਂ ਨਾਂ ਹਟਾਏ ਜਾਣ ਦੇ ਆਪਣੇ ਤਜਰਬੇ ਸਾਂਝੇ ਕੀਤੇ।
ਰਾਹੁਲ ਗਾਂਧੀ ਨੇ ‘ਐਕਸ’ ‘ਤੇ ਕਿਹਾ, ”ਜ਼ਿੰਦਗੀ ‘ਚ ਕਈ ਤਰ੍ਹਾਂ ਦੇ ਦਿਲਚਸਪ ਤਜ਼ਰਬੇ ਹੁੰਦੇ ਹਨ ਪਰ ਮੈਨੂੰ ‘ਮ੍ਰਿਤ ਲੋਕਾਂ’ ਨਾਲ ਚਾਹ ਪੀਣ ਦਾ ਪਹਿਲਾਂ ਕਦੇ ਵੀ ਮੌਕਾ ਨਹੀਂ ਮਿਲਿਆ ਸੀ। ਇਸ ਨਿਵੇਕਲੇ ਤਜਰਬੇ ਲਈ ਮੈਂ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਹਾਂ।” ਉਨ੍ਹਾਂ ‘ਮ੍ਰਿਤ’ ਵੋਟਰਾਂ ਨਾਲ ਮੀਟਿੰਗ ਦੀ ਵੀਡੀਓ ਵੀ ਸਾਂਝੀ ਕੀਤੀ ਹੈ। ਵੀਡੀਓ ‘ਚ ਰਾਹੁਲ ‘ਮ੍ਰਿਤ’ ਵੋਟਰਾਂ ਨੂੰ ਇਹ ਆਖਦੇ ਸੁਣਾਈ ਦੇ ਰਹੇ ਹਨ ਕਿ ਉਹ ਦਿੱਲੀ ‘ਚ ਘੁੰਮਣ-ਫਿਰਨ ਕਿਉਂਕਿ ‘ਮਰੇ’ ਹੋਏ ਬੰਦਿਆਂ ਤੋਂ ਟਿਕਟ ਨਹੀਂ ਲਈ ਜਾ ਸਕਦੀ ਹੈ। ਇਨ੍ਹਾਂ ਵਿਅਕਤੀਆਂ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਉਹ ਆਪਣਾ ਵੋਟਿੰਗ ਹੱਕ ਵਾਪਸ ਲੈਣ ਲਈ ਸੁਪਰੀਮ ਕੋਰਟ ਅੱਗੇ ਵੀ ਪੇਸ਼ ਹੋਏ ਸਨ। ਇਹ ਸਾਰੇ ਆਰ.ਜੇ.ਡੀ. ਆਗੂ ਤੇਜਸਵੀ ਯਾਦਵ ਦੇ ਹਲਕੇ ਰਾਘੋਪੁਰ ਦੇ ਵੋਟਰ ਸਨ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੌਰਾਨ ਉਨ੍ਹਾਂ ਦੇ ਨਾਂ ਕੱਟ ਦਿੱਤੇ ਗਏ ਹਨ।
ਕਾਂਗਰਸ ਨੇ ਕਿਹਾ ਕਿ ਇਹ ਕੋਈ ਕਲੈਰੀਕਲ ਖਾਮੀ ਨਹੀਂ, ਸਗੋਂ ਸਿਆਸੀ ਪੱਧਰ ‘ਤੇ ਵੋਟ ਦੇ ਹੱਕ ਤੋਂ ਵਾਂਝੇ ਕਰਨ ਦਾ ਮਾਮਲਾ ਹੈ। ਪਾਰਟੀ ਨੇ ਕਿਹਾ ਕਿ ਬੰਗਲੂਰੂ ‘ਚ ‘ਵੋਟ ਚੋਰੀ’ ਦਾ ਪਰਦਾਫ਼ਾਸ਼ ਹੋਣ ਮਗਰੋਂ ਹੁਣ ਬਿਹਾਰ ‘ਚ ਵੀ ਸਪੱਸ਼ਟ ਹੋ ਗਿਆ ਹੈ ਕਿ ‘ਐੱਸ.ਆਈ.ਆਰ.’ ਰਾਹੀਂ ਵੋਟਰ ਸੂਚੀਆਂ ‘ਚ ਛੇੜਖਾਨੀ ਕੀਤੀ ਜਾ ਰਹੀ ਹੈ।
ਰਾਹੁਲ ਨੇ ਬਿਹਾਰ ‘ਚ ‘ਮ੍ਰਿਤ’ ਵੋਟਰਾਂ ਨਾਲ ਚਾਹ ਪੀਤੀ; ਚੋਣ ਕਮਿਸ਼ਨ ਦਾ ਕੀਤਾ ਧੰਨਵਾਦ
