– ਪੁਲਿਸ ਵੱਲੋਂ ਹਮਲਾਵਾਰ ਗ੍ਰਿਫ਼ਤਾਰ
– ਹਮਲਾਵਰ ਨੇ ਗੋਲਫ ਖੇਡਣ ਵਾਲੇ ਕਲੱਬ ਨਾਲ ਅਚਾਨਕ ਕੀਤਾ ਹਮਲਾ
– ਸਿਰ, ਅੱਖਾਂ, ਚਿਹਰੇ ‘ਤੇ ਲੱਗੀਆਂ ਗੰਭੀਰ ਸੱਟਾਂ
ਹਾਲੀਵੁੱਡ, 13 ਅਗਸਤ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਹਾਲੀਵੁੱਡ ਵਿਖੇ ਅਣਪਛਾਤੇ ਵਿਅਕਤੀ ਵੱਲੋਂ ਇੱਕ 70 ਸਾਲਾ ਸਿੱਖ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਹਰਪਾਲ ਸਿੰਘ ਨਾਂ ਦੇ ਇਹ ਬਜ਼ੁਰਗ ਉਸ ਵਕਤ ਇਥੇ ਲੈਂਕਰਸ਼ਿਮ ਬੁੱਲ੍ਹੇਵਾਰਡ ਦੇ ਨਜ਼ਦੀਕ ਸੈਵਨ ਇਲੈਵਨ ਦੇ ਬਾਹਰੋਂ ਲੰਘ ਰਹੇ ਸਨ, ਜਦੋਂ ਅਚਾਨਕ ਕਿਸੇ ਸਿਰਫਿਰੇ ਵੱਲੋਂ ਉਨ੍ਹਾਂ ਵੱਲੋਂ ਗੋਲਫ ਖੇਡਣ ਵਾਲੇ ਕਲੱਬ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਨਾਲ ਹਰਪਾਲ ਸਿੰਘ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਏ। ਉਨ੍ਹਾਂ ਦੇ ਸਿਰ, ਅੱਖਾਂ, ਚਿਹਰੇ ਆਦਿ ‘ਤੇ ਗੰਭੀਰ ਸੱਟਾਂ ਲੱਗੀਆਂ। ਉਨ੍ਹਾਂ ਦੇ ਆਪਣੇ ਸਫੈਦ ਕੱਪੜੇ ਖੂਨ ਨਾਲ ਲੱਥਪੱਥ ਹੋ ਗਏ। ਘਟਨਾ ਤੋਂ ਬਾਅਦ ਭਾਵੇਂ ਉਹ ਬਹੁਤ ਜ਼ਿਆਦਾ ਜ਼ਖਮੀ ਹੋ ਗਏ ਸਨ, ਪਰ ਫਿਰ ਵੀ ਉਨ੍ਹਾਂ ਨੇ ਹੌਂਸਲਾ ਨਹੀਂ ਛੱਡਿਆ। ਉਹ ਕਾਫੀ ਦੇਰ ਹੋਸ਼ ਵਿਚ ਬੈਠੇ ਰਹੇ। ਬਾਅਦ ਵਿਚ ਐਂਬੂਲੈਂਸ ਨੇ ਆਣ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਚਿਹਰੇ ਅਤੇ ਸਰੀਰ ਦੀਆਂ ਗੰਭੀਰ ਸੱਟਾਂ ਦੇ ਇਲਾਜ ਲਈ ਘੱਟੋ-ਘੱਟ ਤਿੰਨ ਸਰਜਰੀਆਂ ਹੋ ਚੁੱਕੀਆਂ ਹਨ, ਜਿਸ ਵਿਚ ਦਿਮਾਗੀ ਖੂਨ ਵਹਿਣਾ ਅਤੇ ਅੱਖਾਂ ਦੀ ਸਰਜਰੀ ਸ਼ਾਮਲ ਹੈ। ਉਹ ਆਈ.ਸੀ.ਯੂ. ‘ਚ ਹਾਲੇ ਵੀ ਬੇਹੋਸ਼ੀ ਦੀ ਹਾਲਤ ਵਿਚ ਹਨ। ਐੱਲ.ਏ. ਪੁਲਿਸ ਵਿਭਾਗ ਅਨੁਸਾਰ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਹਰਪਾਲ ਸਿੰਘ ਇਕ ਸ਼ਾਂਤ ਸੁਭਾਅ ਦੇ ਵਿਅਕਤੀ ਸਨ। ਉਹ ਇਸ ਘਟਨਾ ਸਥਾਨ ਦੇ ਨਜ਼ਦੀਕ ਹੀ ਗੁਰਦੁਆਰਾ ਸਾਹਿਬ ਵਿਚ ਪੈਦਲ ਜਾਇਆ ਕਰਦੇ ਸਨ ਅਤੇ ਪਾਠ ਕਰਦੇ ਸਨ। ਉਨ੍ਹਾਂ ਨੂੰ ਅਕਸਰ ਪੰਛੀਆਂ ਨੂੰ ਦਾਣੇ ਪਾਉਂਦਿਆਂ ਵੀ ਦੇਖਿਆ ਜਾਂਦਾ ਸੀ। ਹਰਪਾਲ ਸਿੰਘ ਪਿੱਛੋਂ ਪੰਜਾਬ ਨਾਲ ਸੰਬੰਧ ਰੱਖਦੇ ਹਨ ਅਤੇ ਇਸ ਵਕਤ ਉਹ ਅਮਰੀਕਾ ਦੇ ਸਿਟੀਜ਼ਨ ਹਨ। ਪੰਜਾਬ ਵਿਚ ਉਹ ਮੈਥੇਮੈਟਿਕਸ ਦੇ ਪ੍ਰੋਫੈਸਰ ਦੀ ਨੌਕਰੀ ਕਰਦੇ ਸਨ। ਇਨ੍ਹਾਂ ਦਾ ਸਾਰਾ ਪਰਿਵਾਰ ਪੜ੍ਹਿਆ-ਲਿਖਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਖੁਦ ਸਾਰੀ ਉਮਰ ਵਿਆਹ ਨਹੀਂ ਕਰਵਾਇਆ ਸੀ।
ਕੈਲੀਫੋਰਨੀਆ ‘ਚ 70 ਸਾਲਾ ਸਿੱਖ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ
