#AMERICA

ਭਾਰਤ, ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ‘ਚ ਚੀਨ ਦੇ ‘ਬਹੁਤ ਕਰੀਬ’ : ਟਰੰਪ

ਕਿਹਾ: ਹੋਰ ਵੀ ਸਖ਼ਤ ਪਾਬੰਦੀਆਂ ਦੇਖਣ ਨੂੰ ਮਿਲਣਗੀਆਂ
ਵਾਸ਼ਿੰਗਟਨ, 8 ਅਗਸਤ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ, ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਵਿਚ ਚੀਨ ਦੇ ‘ਬਹੁਤ ਕਰੀਬ’ ਹੈ ਤੇ ਉਸ ਨੂੰ 50 ਫੀਸਦੀ ਦਾ ਟੈਕਸ (ਟੈਰਿਫ) ਦੇਣਾ ਹੋਵੇਗਾ। ਟਰੰਪ ਨੇ ਇਸ਼ਾਰਾ ਕੀਤਾ ਕਿ ‘ਤੁਹਾਨੂੰ ਹੋਰ ਵੀ ਸਖ਼ਤ ਪਾਬੰਦੀਆਂ ਦੇਖਣ ਨੂੰ ਮਿਲਣਗੀਆਂ।’
ਟਰੰਪ ਨੇ ਆਪਣੇ ਸਰਕਾਰੀ ‘ਓਵਲ ਦਫ਼ਤਰ’ ਵਿਚ ਕਿਹਾ, ”ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਤੇਲ ਨੂੰ ਲੈ ਕੇ ਭਾਰਤ ‘ਤੇ 50 ਫੀਸਦੀ ਦਾ ਟੈਕਸ ਲਗਾਇਆ ਹੈ। ਉਹ ਦੂਜੇ ਸਭ ਤੋਂ ਵੱਡੇ ਖਰੀਦਦਾਰ ਹਨ ਤੇ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਵਿਚ ਚੀਨ ਦੇ ਬਹੁਤ ਕਰੀਬ ਹਨ।”
ਟਰੰਪ ਨੇ ਰੂਸ ਤੋਂ ਤੇਲ ਦੀ ਖਰੀਦ ਜਾਰੀ ਰੱਖਣ ਕਰਕੇ ਭਾਰਤ ਤੋਂ ਦਰਾਮਦ ਵਸਤਾਂ ‘ਤੇ ਵਾਧੂ 25 ਫੀਸਦੀ ਟੈਕਸ ਲਗਾਉਣ ਦੇ ਕਾਰਜਕਾਰੀ ਹੁਕਮਾਂ ‘ਤੇ ਦਸਤਖ਼ਤ ਕੀਤੇ ਸਨ। ਇਸ ਨਾਲ ਅਮਰੀਕਾ ਵਿਚ ਭਾਰਤੀ ਵਸਤਾਂ ‘ਤੇ ਲੱਗਣ ਵਾਲਾ ਟੈਕਸ ਹੁਣ ਵਧ ਕੇ 50 ਫੀਸਦੀ ਹੋ ਗਿਆ ਹੈ, ਜੋ ਕਿਸੇ ਵੀ ਦੂਜੇ ਮੁਲਕ ‘ਤੇ ਅਮਰੀਕਾ ਵੱਲੋਂ ਲਗਾਏ ਗਏ ਸਭ ਤੋਂ ਉੱਚੇ ਟੈਕਸਾਂ ‘ਚੋਂ ਇਕ ਹੈ।
ਟਰੰਪ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਭਾਰਤ ‘ਤੇ 25 ਫੀਸਦੀ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ, ਜੋ 7 ਅਗਸਤ ਤੋਂ ਲਾਗੂ ਹੋ ਗਿਆ ਹੈ। ਵਾਧੂ 25 ਫੀਸਦੀ ਟੈਕਸ 21 ਦਿਨਾਂ ਬਾਅਦ ਭਾਵ 27 ਅਗਸਤ ਤੋਂ ਅਮਲ ਵਿਚ ਆਏਗਾ। ਵ੍ਹਾਈਟ ਹਾਊਸ ‘ਚ ਇਕ ਸਮਾਗਮ ਵਿਚ ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਕੁੱਕ, ਉਪ ਰਾਸ਼ਟਰਪਤੀ ਜੇਡੀ ਵਾਂਸ, ਵਿੱਤ ਮੰਤਰੀ ਸਕੌਟ ਬੇਸੈਂਟ ਤੇ ਵਣਜ ਮੰਤਰੀ ਹਾਵਰਡ ਲਟਨਿਕ ਵੀ ਮੌਜੂਦ ਸਨ। ਇਸ ਦੌਰਾਨ ਐਪਲ ਨੇ ਐਲਾਨ ਕੀਤਾ ਕਿ ਉਹ ਅਗਲੇ ਚਾਰ ਸਾਲਾਂ ਵਿਚ ਅਮਰੀਕਾ ਵਿਚ 600 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਸ ਪ੍ਰੋਗਰਾਮ ਦੌਰਾਨ ਟਰੰਪ ਤੋਂ ਭਾਰਤ ‘ਤੇ ਲਗਾਏ ਗਏ ਵਾਧੂ ਟੈਕਸ ਬਾਰੇ ਕਈ ਸਵਾਲ ਪੁੱਛੇ ਗਏ।