ਆਕਲੈਂਡ, 7 ਅਗਸਤ (ਪੰਜਾਬ ਮੇਲ)- ਨਿਊਜ਼ੀਲੈਂਡ ‘ਚ 2015 ਤੋਂ ਬਾਅਦ ਭਾਰਤ ਤੋਂ ਸ਼ਰਨਾਰਥੀ ਅਰਜ਼ੀਆਂ ਦੀ ਗਿਣਤੀ ‘ਚ ਸਾਲਾਨਾ ਔਸਤਨ ਲਗਭਗ 20 ਗੁਣਾ ਵਾਧਾ ਹੋਇਆ ਹੈ। ਇਸ ਤੇਜ਼ ਵਾਧੇ ਨੇ ਹੀ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਨਿਊਜ਼ੀਲੈਂਡ ‘ਚ ਪਿਛਲੇ ਦੋ ਸਾਲਾਂ ਦੌਰਾਨ ਸ਼ਰਨਾਰਥੀ ਵੀਜ਼ਿਆਂ ਦੀ ਗਿਣਤੀ ‘ਚ ਭਾਰੀ ਵਾਧਾ ਹੋਇਆ ਹੈ, ਜਿਸ ਤੋਂ ਬਾਅਦ ਸਰਕਾਰ ‘ਚ ਵੀ ਹਿਲ-ਜੁਲ ਹੋਣੀ ਸ਼ੁਰੂ ਹੋ ਗਈ ਹੈ। ਸਥਾਨਕ ਰਿਪੋਰਟਾਂ ਅਨੁਸਾਰ ਭਾਰਤ ਤੋਂ ਸ਼ਰਨ ਅਤੇ ਸ਼ਰਨਾਰਥੀ ਦਾਅਵਿਆਂ ਦੀ ਕੁੱਲ ਗਿਣਤੀ 2022 ਵਿਚ 69 ਸੀ, ਜੋ 2024 ਵਿਚ ਵਧ ਕੇ 1,079 ਹੋ ਗਈ ਅਤੇ ਇਸ ਦੇ ਮੁਕਾਬਲੇ 2024 ਵਿਚ ਵੱਖੋ-ਵੱਖ ਦੇਸ਼ਾਂ ਤੋਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਪ੍ਰਾਪਤ ਹੋਏ ਸ਼ਰਨ ਅਤੇ ਸ਼ਰਨਾਰਥੀ ਦਾਅਵਿਆਂ ਦੀ ਕੁੱਲ ਗਿਣਤੀ 2,396 ਹੋ ਗਈ, ਜੋ ਕਿ 2022 ਵਿਚ 358 ਸੀ।
ਨਿਊਜ਼ੀਲੈਂਡ ਵਿਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਫਿਲ ਟਵਾਈਫੋਰਡ ਨੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਸਰਕਾਰ ਸ਼ਰਨ ਅਰਜ਼ੀਆਂ ਵਿਚ ਵਾਧੇ ਦੇ ਮੱਦੇਨਜ਼ਰ ਕੀ ਉਪਾਅ ਕਰ ਰਹੀ ਹੈ। ਟਵਾਈਫੋਰਡ ਨੇ ਨੋਟ ਕੀਤਾ ਕਿ ਅਰਜ਼ੀਆਂ ਵਿਚ ਸਭ ਤੋਂ ਵੱਧ ਵਾਧਾ ਦੱਖਣੀ ਏਸ਼ੀਆ ਤੋਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਉਪ ਮਹਾਦੀਪ, ਖਾਸ ਕਰਕੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ‘ਚ ਨਾ ਤਾਂ ਨਸਲਕੁਸ਼ੀ ਦਾ ਰਾਜਨੀਤਿਕ ਤੌਰ ‘ਤੇ ਅਸਥਿਰਤਾ ਹੈ ਪਰ ਫਿਰ ਵੀ ਸ਼ਰਨ ਦੇ ਦਾਅਵਿਆਂ ਵਿਚ ਵੱਡਾ ਵਾਧਾ ਇਸ ਖੇਤਰ ਤੋਂ ਹੋਇਆ ਹੈ।
ਐੱਮ.ਬੀ.ਆਈ.ਈ. ਦੇ ਮੁੱਖ ਕਾਰਜਕਾਰੀ ਕੈਰੋਲਿਨ ਟ੍ਰੇਮੇਨ ਅਤੇ ਐਸੋਸੀਏਟ ਇਮੀਗ੍ਰੇਸ਼ਨ ਮੰਤਰੀ ਕੇਸੀ ਕੋਸਟੇਲੋ ਨੇ ਜਵਾਬ ਦਿੰਦਿਆਂ ਕਿਹਾ ਕਿ ਨਿਊਜ਼ੀਲੈਂਡ ਇਨ੍ਹਾਂ ਦੇਸ਼ਾਂ ਨਾਲ ਕੰਮ ਕਰ ਰਿਹਾ ਹੈ, ਉਨ੍ਹਾਂ ਨੂੰ ਸਹੀ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਦੇ ਰਿਹਾ ਹੈ ਅਤੇ ਉਨ੍ਹਾਂ ਲੋਕਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਰਿਹਾ ਜੋ ਸੰਭਾਵੀ ਆਰਥਿਕ ਸ਼ਰਨਾਰਥੀ ਹੋ ਸਕਦੇ ਹਨ।
ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਨੇ ਦੱਸਿਆ ਕਿ ਸ਼ਰਨਾਰਥੀ ਦਾਅਵਿਆਂ ‘ਚ ਕਾਫੀ ਸਮਾਨਤਾਵਾਂ ਪਾਈਆਂ ਗਈਆਂ ਹਨ, ਜਿਨ੍ਹਾਂ ਨੂੰ ਵੇਖ ਕੇ ਜ਼ਾਹਰ ਹੋ ਰਿਹਾ ਹੈ ਕਿ ਇਨ੍ਹਾਂ ਨੂੰ ਕੋਚਿੰਗ ਦਿੱਤੀ ਗਈ ਹੋਵੇ। ਦੂਜੇ ਪਾਸੇ ਇਮੀਗ੍ਰੇਸ਼ਨ ਮਾਹਿਰਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਪਿਛਲੇ ਦੋ ਸਾਲਾਂ ਵਿਚ ਸ਼ਰਨਾਰਥੀ ਦਾਅਵਿਆਂ ਵਿਚ ਵਾਧਾ ਭਾਰਤੀਆਂ ਲਈ ਨਿਊਜ਼ੀਲੈਂਡ ਦੇ ਵਿਜ਼ਿਟਰ ਵੀਜ਼ਾ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਨੂੰ ਕਾਫ਼ੀ ਘਟਾ ਸਕਦਾ ਹੈ। 2023-2024 ‘ਚ ਨਿਊਜ਼ੀਲੈਂਡ ਵਿਚ ਸ਼ਰਨ ਮੰਗਣ ਵਾਲੇ ਲੋਕਾਂ ਦੀ ਗਿਣਤੀ ‘ਚ ਭਾਰਤ ਸਭ ਤੋਂ ਉਪਰ ਸੀ, ਜੋ ਸਾਰੀਆਂ ਅਰਜ਼ੀਆਂ ਦਾ ਲਗਭਗ ਅੱਧਾ ਹਿੱਸਾ ਹੈ।
ਨਿਊਜ਼ੀਲੈਂਡ ‘ਚ 2 ਸਾਲਾਂ ਦੌਰਾਨ ਸ਼ਰਨਾਰਥੀ ਵੀਜ਼ਿਆਂ ਦੀ ਗਿਣਤੀ ‘ਚ ਭਾਰੀ ਵਾਧਾ
