ਕੁਰੂਕਸ਼ੇਤਰ, 5 ਅਗਸਤ (ਪੰਜਾਬ ਮੇਲ)- ਉੱਘੇ ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਉਸ ਵੇਲੇ ਵਾਲ-ਵਾਲ ਬਚ ਗਏ, ਜਦੋਂ ਉਨ੍ਹਾਂ ਦੀ ਕਾਰ ਇਥੇ ਪਿਪਲੀ ਫਲਾਈਓਵਰ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਹਰਭਜਨ ਮਾਨ ਦਿੱਲੀ ਤੋਂ ਮੁਹਾਲੀ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਅਵਾਰਾ ਗਾਂ ਨਾਲ ਟਕਰਾਉਣ ਮਗਰੋਂ ਪਲਟ ਗਈ। ਹਾਲਾਂਕਿ ਗਾਇਕ ਤੇ ਉਨ੍ਹਾਂ ਦੇ ਪੁੱਤਰ ਨੂੰ ਕੋਈ ਵੱਡੀ ਸੱਟ ਫੇਟ ਲੱਗਣ ਤੋਂ ਬਚਾਅ ਰਿਹਾ। ਉਹ ਆਪਣੇ ਪੁੱਤਰ, ਗੰਨਮੈਨ ਅਤੇ ਡਰਾਈਵਰ ਨਾਲ ਯਾਤਰਾ ਕਰ ਰਹੇ ਸਨ।
ਜਾਣਕਾਰੀ ਅਨੁਸਾਰ ਤੜਕੇ 4 ਵਜੇ ਦੇ ਕਰੀਬ, ਜਦੋਂ ਉਨ੍ਹਾਂ ਦੀ ਕਾਰ ਪਿਪਲੀ ਫਲਾਈਓਵਰ ਪਾਰ ਕਰ ਰਹੀ ਸੀ, ਤਾਂ ਡਰਾਈਵਰ ਨੇ ਨੈਸ਼ਨਲ ਹਾਈਵੇਅ ‘ਤੇ ਇੱਕ ਅਵਾਰਾ ਗਾਂ ਬੈਠੀ ਦੇਖੀ। ਡਰਾਈਵਰ ਨੇ ਅਚਾਨਕ ਬਰੇਕ ਲਗਾਈ, ਪਰ ਕਾਰ ਗਾਂ ਨਾਲ ਟਕਰਾ ਗਈ ਅਤੇ ਪਲਟ ਗਈ। ਰਾਹਗੀਰ ਅਤੇ ਪੁਲਿਸ ਨੇ ਗਾਇਕ ਅਤੇ ਹੋਰ ਸਵਾਰਾਂ ਦੀ ਮਦਦ ਕੀਤੀ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਕੁਰੂਕਸ਼ੇਤਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਹ ਮੁਹਾਲੀ ਲਈ ਰਵਾਨਾ ਹੋ ਗਏ ਅਤੇ ਉੱਥੇ ਇੱਕ ਨਿੱਜੀ ਹਸਪਤਾਲ ਵਿਚ ਹੋਰ ਇਲਾਜ ਕਰਵਾਇਆ। ਇਸ ਘਟਨਾ ਵਿਚ ਅਦਾਕਾਰ ਦੇ ਸੁਰੱਖਿਆ ਮੁਲਾਜ਼ਮ ਦਾ ਹਥਿਆਰ (ਏ.ਕੇ.-47) ਅਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਹਾਦਸੇ ‘ਚ ਵਾਲ-ਵਾਲ ਬਚੇ
