#AMERICA

ਟਰੰਪ ਵੱਲੋਂ ਅਮਰੀਕੀ ਪਰਮਾਣੂ ਪਣਡੁੱਬੀਆਂ ਤਾਇਨਾਤ ਕਰਨ ਦੇ ਹੁਕਮ

ਵਾਸ਼ਿੰਗਟਨ, 4 ਅਗਸਤ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਦੇ ਸਾਬਕਾ ਰਾਸ਼ਟਰਪਤੀ ਦਮਿੱਤਰੀ ਮੇਦਵੇਦੇਵ ਦੇ ‘ਬੇਹੱਦ ਭੜਕਾਊ ਬਿਆਨਾਂ’ ਮਗਰੋਂ ਦੋ ਅਮਰੀਕੀ ਪਰਮਾਣੂ ਪਣਡੁੱਬੀਆਂ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਟਰੰਪ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਇਕ ਪੋਸਟ ‘ਚ ਇਸ ਦੀ ਜਾਣਕਾਰੀ ਦਿੱਤੀ। ਰਾਸ਼ਟਰਪਤੀ ਨੇ ਕਿਹਾ, ”ਬਿਆਨ ਬਹੁਤ ਅਹਿਮ ਹੁੰਦੇ ਹਨ ਅਤੇ ਕਦੇ-ਕਦਾਈਂ ਇਹ ਬੇਲੋੜੇ ਸਿੱਟਿਆਂ ਵੱਲ ਲਿਜਾਂਦੇ ਹਨ। ਮੈਂ ਆਸ ਕਰਦਾ ਹਾਂ ਕਿ ਮੇਦਵੇਦੇਵ ਦੇ ਬਿਆਨਾਂ ਨਾਲ ਅਜਿਹਾ ਕੁਝ ਵੀ ਮਾੜਾ ਨਾ ਵਾਪਰੇ।” ਦਰਅਸਲ ਟਰੰਪ ਨੇ ਵੀਰਵਾਰ ਤੜਕੇ ਇਕ ਪੋਸਟ ‘ਚ ਮੇਦਵੇਦੇਵ ਨੂੰ ਰੂਸ ਦਾ ਨਾਕਾਮ ਸਾਬਕਾ ਰਾਸ਼ਟਰਪਤੀ ਦੱਸਿਆ ਸੀ। ਇਸ ਦੇ ਕੁਝ ਘੰਟਿਆਂ ਮਗਰੋਂ ਮੇਦਵੇਦੇਵ ਨੇ ਜਵਾਬ ਦਿੰਦਿਆਂ ਕਿਹਾ ਸੀ, ”ਰੂਸ ਹਰ ਮਾਮਲੇ ‘ਚ ਸਹੀ ਹੈ ਅਤੇ ਆਪਣੇ ਰਾਹ ‘ਤੇ ਤੁਰਦਾ ਰਹੇਗਾ।” ਜਦੋਂ ਟਰੰਪ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਤੋਂ ਰਵਾਨਾ ਹੋ ਰਹੇ ਸਨ, ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪਣਡੁੱਬੀਆਂ ਦੀ ਥਾਂ ਕਿਥੋਂ ਬਦਲੀ ਗਈ ਹੈ, ਤਾਂ ਉਨ੍ਹਾਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਟਰੰਪ ਨੇ ਕਿਹਾ, ”ਅਸੀਂ ਤਾਂ ਇੰਝ ਹੀ ਕਰਨਾ ਸੀ। ਸਾਨੂੰ ਚੌਕਸ ਰਹਿਣਾ ਪਵੇਗਾ। ਧਮਕੀ ਦਿੱਤੀ ਗਈ ਸੀ। ਸਾਨੂੰ ਲੱਗਾ ਕਿ ਇਹ ਠੀਕ ਨਹੀ ਹੈ। ਇਸ ਲਈ ਬਹੁਤ ਸਾਵਧਾਨ ਰਹਿਣਾ ਹੋਵੇਗਾ।”