ਟਰੇਸੀ, 30 ਜੁਲਾਈ (ਪੰਜਾਬ ਮੇਲ)- ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਅਮਰੀਕਾ ਦੀ ਇਕ ਅਹਿਮ ਮੀਟਿੰਗ ਟਰੇਸੀ ਸ਼ਹਿਰ ਵਿਖੇ ਹੋਈ। ਇਸ ਵਿਚ 25 ਕਬੱਡੀ ਅਤੇ ਸਪੋਰਟਸ ਕਲੱਬਾਂ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ (ਸ਼ਿੰਦਾ) ਅਟਵਾਲ, ਪਾਲ ਸਿਹੋਤਾ, ਅਮੋਲਕ ਸਿੰਘ ਗਾਖਲ, ਸੁਰਿੰਦਰ ਸਿੰਘ ਨਿੱਜਰ (ਨਿੱਜਰ ਬ੍ਰਦਰਜ਼), ਬਲਜੀਤ ਸੰਧੂ, ਬਲਜੀਤ ਬਾਸੀ, ਬਿੱਟੂ ਰਾਏ, ਹੈਰੀ ਭੰਗੂ, ਕਾਲਾ ਟਰੇਸੀ, ਪਾਲ ਕੈਲੇ, ਗੁਰਮੁੱਖ ਸੰਧੂ, ਗੁਰਿੰਦਰ ਗਿੱਲ, ਸੁੱਖੀ ਸੰਘੇੜਾ, ਕੁਲਦੀਪ ਡਡਵਾਲ, ਕੁਲਵੰਤ ਧਾਮੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ। ਜੌਹਨ ਸਿੰਘ ਗਿੱਲ ਨੇ ਫੋਨ ਰਾਹੀਂ ਆਪਣੀ ਹਾਜ਼ਰੀ ਲੁਆਈ। ਤਕਰੀਬਨ 3 ਘੰਟੇ ਚੱਲੀ ਇਸ ਮੀਟਿੰਗ ਵਿਚ ਮਾਂ-ਜਾਈ ਖੇਡ ਕਬੱਡੀ ਬਾਰੇ ਕਈ ਅਹਿਮ ਫੈਸਲੇ ਲਏ ਗਏ, ਜਿਸ ਵਿਚ ਇਕ ਅਹਿਮ ਫੈਸਲੇ ਰਾਹੀਂ ਵਰਲਡ ਸੁਪਰਸਟਾਰ ਕਬੱਡੀ ਖਿਡਾਰੀ ਰਹੇ ਤੀਰਥ ਸਿੰਘ ਗਾਖਲ ਨੂੰ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਅਮਰੀਕਾ ਦਾ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਗਿਆ। ਪਿਛਲੇ 20 ਸਾਲਾਂ ਤੋਂ ਫੈਡਰੇਸ਼ਨ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਸੁਰਿੰਦਰ ਸਿੰਘ ਅਟਵਾਲ (ਸ਼ਿੰਦਾ) ਨੇ ਖੁਦ ਤੀਰਥ ਸਿੰਘ ਗਾਖਲ ਨੂੰ ਨਵਾਂ ਪ੍ਰਧਾਨ ਥਾਪਿਆ। ਇਸ ਦਾ ਸਮਰਥਨ ਸਮੂਹ ਆਏ ਹੋਏ ਕਬੱਡੀ ਆਗੂਆਂ ਨੇ ਕੀਤਾ। ਇਸ ਸਰਬਸੰਮਤੀ ਨਾਲ ਹੋਈ ਚੋਣ ਦੀ ਕਬੱਡੀ ਜਗਤ ਵਿਚ ਕਾਫੀ ਚਰਚਾ ਹੈ। ਕਿਉਂਕਿ ਇਸ ਮੌਕੇ ਕਿਸੇ ਨੇ ਵੀ ਇਸ ਨਿਯੁਕਤੀ ਦਾ ਵਿਰੋਧ ਨਹੀਂ ਕੀਤਾ, ਬਲਕਿ ਹਰੇਕ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਫੈਡਰੇਸ਼ਨ ਵੱਲੋਂ ਹੋਰਨਾਂ ਅਹੁਦੇਦਾਰਾਂ ਦੀ ਨਿਯੁਕਤੀ ਵੀ ਆਉਣ ਵਾਲੇ ਸਮੇਂ ਵਿਚ ਕਰ ਦਿੱਤੀ ਜਾਵੇਗੀ।
ਸਮੂਹ ਆਏ ਹੋਏ ਕਬੱਡੀ ਆਗੂਆਂ ਨੇ ਹੋਰਨਾਂ ਕਲੱਬਾਂ ਨੂੰ ਵੀ ਇਕ ਝੰਡੇ ਥੱਲੇ ਇਕੱਤਰ ਹੋਣ ਦੀ ਅਪੀਲ ਕੀਤੀ ਹੈ, ਤਾਂਕਿ ਮਾਂ-ਜਾਈ ਖੇਡ ਕਬੱਡੀ ਦੀ ਹੋਰ ਵੀ ਵਧੀਆ ਤਰੀਕੇ ਨਾਲ ਸੇਵਾ ਕੀਤੀ ਜਾ ਸਕੇ। ਮੀਟਿੰਗ ਦੌਰਾਨ ਸਟੇਜ ਸਕੱਤਰ ਦੀ ਸੇਵਾ ਸੁਰਿੰਦਰ ਸਿੰਘ ਨਿੱਜਰ ਵੱਲੋਂ ਬਾਖੂਬੀ ਨਿਭਾਈ ਗਈ।
ਇਸ ਦੌਰਾਨ ਨਵੇਂ ਨਿਯੁਕਤ ਹੋਏ ਪ੍ਰਧਾਨ ਤੀਰਥ ਸਿੰਘ ਗਾਖਲ ਨੇ ਪੰਜਾਬ ਮੇਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫੈਡਰੇਸ਼ਨ ਵੱਲੋਂ ਮੈਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ, ਮੈਂ ਇਸ ਨੂੰ ਤਨਦੇਹੀ ਨਾਲ ਨਿਭਾਵਾਂਗਾ।