#Cheese #SPORTS

ਦਿਵਿਆ ਦੇਸ਼ਮੁਖ ਨੇ ਸ਼ਤਰੰਜ ਦਾ ਮਹਿਲਾ ਵਿਸ਼ਵ ਕੱਪ ਖਿਤਾਬ ਜਿੱਤਿਆ

-ਫਾਈਨਲ ‘ਚ ਹੰਪੀ ਨੂੰ ਹਰਾਇਆ; ਗਰੈਂਡਮਾਸਟਰ ਬਣੀ
ਬਾਤੁਮੀ (ਜਾਰਜੀਆ), 28 ਜੁਲਾਈ (ਪੰਜਾਬ ਮੇਲ)- ਭਾਰਤ ਦੀ ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁਖ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੱਜ ਇੱਥੇ ਹਮਵਤਨ ਅਤੇ ਆਪਣੇ ਤੋਂ ਕਿਤੇ ਵੱਧ ਤਜ਼ਰਬੇਕਾਰ ਕੋਨੇਰੂ ਹੰਪੀ ਨੂੰ ਟਾਈਬ੍ਰੇਕਰ ਵਿੱਚ ਹਰਾ ਕੇ ਐੱਫ.ਆਈ.ਡੀ.ਈ. ਮਹਿਲਾ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ।
ਇਸ ਜਿੱਤ ਨਾਲ 19 ਸਾਲਾ ਦਿਵਿਆ ਨੇ ਨਾ ਸਿਰਫ਼ ਇਹ ਵੱਕਾਰੀ ਟੂਰਨਾਮੈਂਟ ਜਿੱਤਿਆ, ਬਲਕਿ ਨਾਲ ਗਰੈਂਡਮਾਸਟਰ ਵੀ ਬਣ ਗਈ, ਜੋ ਟੂਰਨਾਮੈਂਟ ਦੇ ਸ਼ੁਰੂ ਵਿਚ ਅਸੰਭਵ ਲੱਗ ਰਿਹਾ ਸੀ।
ਉਹ ਗਰੈਂਡਮਾਸਟਰ ਬਣਨ ਵਾਲੀ ਸਿਰਫ਼ ਚੌਥੀ ਭਾਰਤੀ ਮਹਿਲਾ ਅਤੇ ਕੁੱਲ 88ਵੀਂ ਖਿਡਾਰਨ ਹੈ। ਨਾਗਪੁਰ ਦੀ ਇਸ ਖਿਡਾਰਨ ਨੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਖੇਡੇ ਗਏ ਦੋ ਕਲਾਸੀਕਲ ਮੁਕਾਬਲਿਆਂ ਦੇ ਡਰਾਅ ਹੋਣ ਮਗਰੋਂ ਟਾਈਬ੍ਰੇਕਰ ਵਿਚ ਜਿੱਤ ਦਰਜ ਕੀਤੀ।
ਦੋ ਕਲਾਸੀਕਲ ਬਾਜ਼ੀ ਡਰਾਅ ਹੋਣ ਮਗਰੋਂ ਟਾਈਬ੍ਰੇਕਰਾਂ ਦਾ ਪਹਿਲਾ ਗਰੁੱਪ ਫ਼ੈਸਲਾਕੁੰਨ ਸਾਬਤ ਹੋਇਆ, ਜਿਸ ‘ਚ ਹੰਪੀ ਨੇ ਆਪਣਾ ਸੰਜਮ ਗੁਆ ਬੈਠੀ।
ਵਿਸ਼ਵ ਕੱਪ ਅਤੇ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਨੂੰ ਛੱਡ ਕੇ ਹੰਪੀ ਨੇ ਕੌਮਾਂਤਰੀ ਸ਼ਤਰੰਜ ਵਿਚ ਸਭ ਕੁੱਝ ਜਿੱਤਿਆ ਹੈ ਪਰ ਫਿਰ ਜਲਦਬਾਜ਼ੀ ਕਾਰਨ ਵਿਸ਼ਵ ਕੱਪ ਖਿਤਾਬ ਜਿੱਤਣ ‘ਚ ਨਾਕਾਮ ਰਹੀ ਹੈ।
ਦਿਵਿਆ ਨੇ ਅੱਜ ਦ੍ਰਿੜ੍ਹਤਾ ਦਿਖਾਈ ਅਤੇ ਇਸ ਜਜ਼ਬੇ ਦਾ ਬੋਨਸ ਗਰੈਂਡਮਾਸਟਰ ਖਿਤਾਬ ਸੀ, ਜੋ ਇਸ ਟੂਰਨਾਮੈਂਟ ਦੇ ਚੈਂਪੀਅਨ ਲਈ ਰਾਖਵਾਂ ਸੀ।
ਅੱਜ ਟਾਈਮ-ਕੰਟਰੋਲਰ ਟਾਈਬ੍ਰੇਕਰ ਦੀ ਪਹਿਲੀ ਬਾਜ਼ੀ ‘ਚ ਸਫ਼ੈਦ ਮੋਹਰਿਆਂ ਨਾਲ ਖੇਡਦਿਆਂ ਦਿਵਿਆ ਨੇ ਹੰਪੀ ਨੂੰ ਮੁੜ ਡਰਾਅ ‘ਤੇ ਰੋਕਿਆ ਪਰ ਦੂਜੀ ਬਾਜ਼ੀ ‘ਚ ਕਾਲੇ ਮੋਹਰਿਆਂ ਨਾਲ ਖੇਡਦਿਆਂ ਉਸ ਨੇ ਦੋ ਵਾਰ ਦੀ ਵਿਸ਼ਵ ਰੈਪਿਡ ਚੈਂਪੀਅਨ ਨੂੰ ਹਰਾ ਕੇ ਜਿੱਤ ਦਰਜ ਕੀਤੀ।
ਦਿਵਿਆ ਹੁਣ ਹੰਪੀ, ਡੀ ਹਰਿਕਾ ਅਤੇ ਆਰ ਵੈਸ਼ਾਲੀ ਨਾਲ ਦੇਸ਼ ਦੀਆਂ ਗਰੈਂਡਮਾਸਟਰ ਬਣਨ ਵਾਲੀਆਂ ਮਹਿਲਾਵਾਂ ਦੀ ਸੂਚੀ ‘ਚ ਸ਼ਾਮਲ ਹੋ ਗਈ ਹੈ। ਹੰਪੀ 38 ਸਾਲ ਦੀ ਹੈ ਅਤੇ 2002 ਵਿਚ ਗਰੈਂਡਮਾਸਟਰ ਬਣੀ, ਜਦਕਿ ਦਿਵਿਆ ਦਾ ਜਨਮ 2005 ਵਿਚ ਹੋਇਆ।
ਆਪਣੇ ਤੋਂ ਦੁੱਗਣੀ ਉਮਰ ਦੀ ਵਿਰੋਧੀ ਖਿਡਾਰਨ ਖ਼ਿਲਾਫ਼ ਜਿੱਤ ਮਗਰੋਂ ਦਿਵਿਆ ਭਾਵੁਕ ਹੋ ਗਈ। ਦਿਵਿਆ ਨੇ ਕਿਹਾ, ”ਮੈਨੂੰ ਇਸ ਨੂੰ ਸਮਝਣ ਲਈ ਸਮਾਂ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਕਿਸਮਤ ਸੀ ਕਿ ਮੈਨੂੰ ਇਸ ਤਰ੍ਹਾਂ ਗਰੈਂਡਮਾਸਟਰ ਦਾ ਖਿਤਾਬ ਮਿਲਿਆ।”
ਮੁਕਾਬਲੇ ‘ਤੇ ਨੇੜਿਓਂ ਨਿਗ੍ਹਾ ਰੱਖਣ ਵਾਲੇ ਪੰਜ ਵਾਰ ਦੇ ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਦਿਵਿਆ ਦੀ ਜਿੱਤ ਦੀ ਸਰਾਹਨਾ ਕੀਤੀ ਅਤੇ ਇਸ ਨੂੰ ਭਾਰਤੀ ਸ਼ਤਰੰਜ ਲਈ ਮਹਾਨ ਜਸ਼ਨ ਕਰਾਰ ਦਿੱਤਾ।