#INDIA

ਵੈਨਿਸ ਫਿਲਮ ਮੇਲੇ ‘ਚ ਹੋਵੇਗਾ ਮਦਰ ਟੈਰੇਸਾ ‘ਤੇ ਬਣੀ ਫਿਲਮ ਦਾ ਪ੍ਰੀਮੀਅਰ

-ਮਸ਼ਹੂਰ ਮਕਦੂਨਿਆਈ ਫਿਲਮ ਡਾਇਰੈਕਟਰ ਟੀਓਨਾ ਸਟਰੂਗਰ ਮਿਤੇਵਸਕਾ ਨੇ ਬਣਾਈ ਹੈ ਫਿਲਮ ‘ਮਦਰ’
ਕੋਲਕਾਤਾ, 25 ਜੁਲਾਈ (ਪੰਜਾਬ ਮੇਲ)- ਮਸ਼ਹੂਰ ਮਕਦੂਨਿਆਈ ਫਿਲਮ ਡਾਇਰੈਕਟਰ ਟੀਓਨਾ ਸਟਰੂਗਰ ਮਿਤੇਵਸਕਾ ਦੀ ਫਿਲਮ ‘ਮਦਰ’, ਜੋ ਕਿ ਮਦਰ ਟੈਰੇਸਾ ਦੇ ਜੀਵਨ ਤੋਂ ਪ੍ਰੇਰਿਤ ਹੈ ਅਤੇ ਅੰਸ਼ਕ ਤੌਰ ‘ਤੇ ਇਸ ਸ਼ਹਿਰ ਵਿਚ ਫਿਲਮਾਈ ਗਈ ਹੈ, ਦਾ ਪ੍ਰੀਮੀਅਰ ਆਗਾਮੀ 82ਵੇਂ ਕੌਮਾਂਤਰੀ ਵੈਨਿਸ ਫਿਲਮ ਫੈਸਟੀਵਲ ਵਿਚ ਕੀਤਾ ਜਾਵੇਗਾ।
ਬ੍ਰਸੇਲਜ਼-ਆਧਾਰਿਤ, ਮਕਦੂਨਿਆਈ ਫਿਲਮ ਨਿਰਮਾਤਾ ਦੁਆਰਾ ਬਣਾਈ ਗਈ ਸੱਤਵੀਂ ਫੀਚਰ ਫਿਲਮ ‘ਮਦਰ’ ਵਿਚ ਸਵੀਡਿਸ਼ ਅਦਾਕਾਰਾ ਨੂਮੀ ਰੈਪੇਸ ਮਦਰ ਟੈਰੇਸਾ ਦੀ ਭੂਮਿਕਾ ਨਿਭਾ ਰਹੀ ਹੈ। ਮਦਰ ਟੈਰੇਸਾ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਸੰਤ ਦਾ ਦਰਜਾ ਦਿੱਤਾ ਗਿਆ ਸੀ।
ਇਹ ਫਿਲਮ ਫੈਸਟੀਵਲ 27 ਅਗਸਤ ਤੋਂ 6 ਸਤੰਬਰ ਦੇ ਵਿਚਕਾਰ ਹੋਵੇਗਾ। ਇਹ ਫਿਲਮ ਦੂਜੀ ਸੰਸਾਰ ਜੰਗ ਦੇ ਅੰਤ ਤੋਂ ਕੁਝ ਹਫ਼ਤਿਆਂ ਬਾਅਦ ਇਕ ਨਨ ਭਾਵ ਮਦਰ ਟੈਰੇਸਾ ਵੱਲੋਂ ਆਪਣੀ ਧਾਰਮਿਕ-ਸਮਾਜਸੇਵੀ ਸੰਸਥਾ ‘ਮਿਸ਼ਨਰੀਜ਼ ਆਫ਼ ਚੈਰਿਟੀ’ ਦੀ ਸਥਾਪਨਾ ਤੋਂ ਕੁਝ ਹਫ਼ਤਿਆਂ ਬਾਅਦ ਉਨ੍ਹਾਂ ਦੇ ਜੀਵਨ ਦੇ ਇੱਕ ਸੰਖੇਪ ਸਮੇਂ ‘ਤੇ ਕੇਂਦ੍ਰਿਤ ਹੈ ਅਤੇ ਕੋਲਕਾਤਾ ਵਿਚ 1948 ਦੇ ਸਮੇਂ ਨੂੰ ਦਰਸਾਉਂਦੀ ਹੈ।
ਫਿਲਮ ਦੇ ਇੱਕ ਅਹਿਮ ਹਿੱਸੇ ਦੀ ਸ਼ੂਟਿੰਗ 2024 ਵਿਚ ਇਸ ਸ਼ਹਿਰ ਕੋਲਕਾਤਾ ਵਿਚ ਪ੍ਰਸਿੱਧ ਹਾਵੜਾ ਪੁਲ ਅਤੇ ਕੁਮਾਰਤੁਲੀ, ਕਾਲੀਘਾਟ, ਐਂਟਾਲੀ, ਲੋਰੇਟੋ ਕਾਨਵੈਂਟ ਵਰਗੇ ਸਥਾਨਾਂ ‘ਤੇ ਕੀਤੀ ਗਈ ਸੀ, ਜਿੱਥੇ ਮਦਰ ਟੈਰੇਸਾ ਨੇ ਇੱਕ ਵਾਰ ਪੜ੍ਹਾਇਆ ਸੀ। ਇਹ ਜਾਣਕਾਰੀ ਫਿਲਮ ਦੇ ਸਹਿ-ਨਿਰਮਾਤਾ ਪ੍ਰਤੀਕ ਬਾਗੀ ਨੇ ਸ਼ੁੱਕਰਵਾਰ ਨੂੰ ਇਥੇ ਦਿੱਤੀ ਹੈ।