ਵੈਨਕੂਵਰ, 17 ਜੁਲਾਈ (ਪੰਜਾਬ ਮੇਲ)- ਟੋਰਾਂਟੋ ਖੇਤਰ ਵਿਚ ਲੋਕਾਂ ਨੂੰ ਸਸਤੇ ਘਰ ਦੇਣ ਦੇ ਝਾਂਸੇ ਵਿਚ ਆ ਕੇ ਕਈ ਵਿਅਕਤੀਆਂ ਨਾਲ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬਰੈਂਪਟਨ ਵਾਸੀ ਮੋਇਜ਼ ਕੁੰਵਰ ਕਿਸੇ ਹੋਰ ਕੰਪਨੀ ਦੇ ਉਸਾਰੀ ਅਧੀਨ ਘਰ ਵਿਖਾ ਕੇ ਬਿਆਨੇ ਲੈਂਦਾ ਰਿਹਾ। ਉਸ ਵਿਰੁੱਧ ਇਸ ਵਰ੍ਹੇ ਮਾਰਚ ਵਿਚ ਕੁੱਝ ਵਿਅਕਤੀਆਂ ਨੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਹੁਣ ਦਰਜਨਾਂ ਹੋਰ ਪੀੜਤਾਂ ਨਾਲ ਇਸੇ ਤਰ੍ਹਾਂ ਦੀ ਧੋਖਾਧੜੀ ਦਾ ਖੁਲਾਸਾ ਹੋਇਆ ਹੈ। ਪੀੜਤਾਂ ਨੂੰ ਇਸ ਠੱਗੀ ਦਾ ਪਤਾ ਉਦੋਂ ਲੱਗਦਾ ਜਦੋਂ ਉਹ ਬਿਆਨਾ ਦੇਣ ਤੋਂ ਕੁੱਝ ਸਮੇਂ ਬਾਅਦ ਘਰ ਦੀ ਉਸਾਰੀ ਦਾ ਜਾਇਜਾ ਲੈਣ ਜਾਂਦੇ। ਉੱਥੇ ਮੌਜੂਦ ਉਸਾਰੀ ਕੰਪਨੀ ਦੇ ਕਾਮਿਆਂ ਨੇ ਕਥਿਤ ਦੋਸ਼ੀ ਜਾਂ ਉਸ ਦੀ ਫਾਈਨੈਂਸ ਕੰਪਨੀ ਨਾਲ ਘਰ ਦਾ ਕਿਸੇ ਵੀ ਤਰਾਂ ਦਾ ਸਬੰਧ ਹੋਣ ਤੋਂ ਇਨਕਾਰ ਕਰ ਦਿੱਤਾ।
ਮਾਰਚ ਮਹੀਨੇ ਵਿਚ ਦੋ ਪੀੜਤਾਂ ਵਲੋਂ ਕੁੰਵਰ ਵਿਰੁੱਧ ਧੋਖਾਧੜੀ ਤੇ ਠੱਗੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ, ਜਿਸ ਵਿਚ ਦੋਸ਼ ਲਾਏ ਕਿ ਰੀਅਲ ਸਟੇਟ ਕਾਰੋਬਾਰੀ ਅਤੇ ਫਾਈਨੈਂਸ ਕੰਪਨੀ ਦਾ ਸੀ.ਈ.ਓ. ਹੋਣ ਦੇ ਦਸਤਾਵੇਜ਼ ਵਿਖਾ ਕੇ ਮੋਇਜ ਕੁੰਵਰ ਉਨ੍ਹਾਂ ਨੂੰ ਸਸਤਾ ਘਰ ਦੇਣ ਦਾ ਵਾਅਦਾ ਕਰਦਾ ਤੇ ਉਸਾਰੀ ਅਧੀਨ ਘਰ ਵਿਖਾ ਕੇ 6-7 ਮਹੀਨੇ ਵਿਚ ਕਬਜ਼ਾ ਦੇਣ ਦਾ ਭਰੋਸਾ ਦਿੰਦਾ। ਇਸ ਦੇ ਨਾਲ ਹੀ 3 ਤੋਂ 5 ਫੀਸਦੀ ਪੇਸ਼ਗੀ ਲੈ ਕੇ ਰਹਿੰਦੀ ਰਕਮ ਆਪਣੀ ਫਾਈਨੈਂਸ ਕੰਪਨੀ ਰਾਹੀਂ ਕਰਜਾ ਦੇਣ ਦਾ ਵਾਅਦਾ ਕਰਦਾ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਟੋਰਾਂਟੋ ‘ਚ ਰੀਅਲ ਅਸਟੇਟ ਕਾਰੋਬਾਰੀ ਦੀ ਠੱਗੀ ਦੇ ਸ਼ਿਕਾਰ ਹੋਏ ਕਈ ਦਰਜਨ ਲੋਕ
