#AMERICA

ਟਰੰਪ ਪ੍ਰਸ਼ਾਸਨ ਵੱਲੋਂ 10 ਰਾਜਾਂ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਦੇ 17 ਜੱਜ ਬਰਖ਼ਾਸਤ

-ਜੱਜਾਂ ਦੀ ਨੁਮਾਇੰਦਗੀ ਕਰਨ ਵਾਲੇ ਸੰਗਠਨ ਵੱਲੋਂ ਕਾਰਵਾਈ ਦੀ ਆਲੋਚਨਾ
ਵਾਸ਼ਿੰਗਟਨ, 17 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਪਰਵਾਸੀਆਂ ਨੂੰ ਵੱਡੇ ਪੱਧਰ ‘ਤੇ ਕੱਢਣ ਦੀ ਪ੍ਰਕਿਰਿਆ ਤੇਜ਼ ਕੀਤੇ ਜਾਣ ਵਿਚਾਲੇ 10 ਰਾਜਾਂ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਦੇ 17 ਜੱਜਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਇਨ੍ਹਾਂ ਜੱਜਾਂ ਦੀ ਨੁਮਾਇੰਦਗੀ ਕਰਨ ਵਾਲੇ ਇਕ ਸੰਗਠਨ ਨੇ ਇਹ ਜਾਣਕਾਰੀ ਦਿੱਤੀ।
ਇਮੀਗਰੇਸ਼ਨ ਅਦਾਲਤਾਂ ਦੇ ਜੱਜਾਂ ਤੇ ਹੋਰ ਪੇਸ਼ੇਵਰਾਂ ਦੀ ਨੁਮਾਇੰਦਗੀ ਕਰਨ ਵਾਲੇ ਸੰਗਠਨ ‘ਦਿ ਇੰਟਰਨੈਸ਼ਨਲ ਫੈਡਰੇਸ਼ਨ ਆਫ ਪ੍ਰੋਫੈਸ਼ਨਲ ਐਂਡ ਟੈਕਨੀਕਲ ਇੰਜਨੀਅਰਜ਼’ ਨੇ ਬਿਆਨ ‘ਚ ਕਿਹਾ ਕਿ ਬੀਤੇ ਹਫਤੇ ਸ਼ੁੱਕਰਵਾਰ ਨੂੰ 15 ਤੇ ਬੀਤੇ ਦਿਨੀਂ ਦੋ ਜੱਜਾਂ ਨੂੰ ‘ਬਿਨਾਂ ਕੋਈ ਕਾਰਨ ਦੱਸੇ’ ਬਰਖਾਸਤ ਕਰ ਦਿੱਤਾ ਗਿਆ।
ਸੰਗਠਨ ਨੇ ਕਿਹਾ ਕਿ ਜਿਨ੍ਹਾਂ ਜੱਜਾਂ ਨੂੰ ਬਰਖਾਸਤ ਕੀਤਾ ਗਿਆ ਹੈ, ਉਹ ਕੈਲੀਫੋਰਨੀਆ, ਇਲੀਨੌਏ, ਲੂਸੀਆਨਾ, ਮੈਰੀਲੈਂਡ, ਮੈਸਾਚੂਸੈੱਟਸ, ਨਿਊਯਾਰਕ, ਓਹਾਈਓ, ਟੈਕਸਾਸ, ਯੂਟਾ ਤੇ ਵਰਜੀਨੀਆ ਦੀਆਂ ਇਮੀਗਰੇਸ਼ਨ ਅਦਾਲਤਾਂ ‘ਚ ਤਾਇਨਾਤ ਸਨ। ਸੰਗਠਨ ਦੇ ਪ੍ਰਧਾਨ ਮੈਟ ਬਿੱਗਜ਼ ਨੇ ਕਿਹਾ, ”ਇਹ ਬਹੁਤ ਹੀ ਨਿੰਦਣਯੋਗ ਤੇ ਲੋਕ ਹਿੱਤਾਂ ਦੇ ਵਿਰੁੱਧ ਹੈ।” ਇਕ ਪਾਸੇ ਸੰਸਦ ਨੇ 800 ਇਮੀਗਰੇਸ਼ਨ ਜੱਜਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਦੂਜੇ ਪਾਸੇ ਵੱਡੀ ਗਿਣਤੀ ‘ਚ ਇਮੀਗਰੇਸ਼ਨ ਜੱਜਾਂ ਨੂੰ ਬਿਨਾਂ ਕਿਸੇ ਕਾਰਨ ਦੇ ਹਟਾਇਆ ਜਾ ਰਿਹਾ ਹੈ। ਇਹ ਬੇਤੁਕਾ ਹੈ। ਇਨ੍ਹਾਂ ਜੱਜਾਂ ਨੂੰ ਹਟਾਏ ਜਾਣ ਦੀ ਕਾਰਵਾਈ ਅਜਿਹੇ ਸਮੇਂ ਹੋਈ ਹੈ, ਜਦੋਂ ਟਰੰਪ ਪ੍ਰਸ਼ਾਸਨ ਦੀਆਂ ਸਖ਼ਤ ਪਰਵਾਸ ਨੀਤੀਆਂ ਤਹਿਤ ਅਧਿਕਾਰੀ ਵੱਡੀ ਗਿਣਤੀ ‘ਚ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰ ਰਹੇ ਹਨ ਤੇ ਪੀੜਤ ਅਦਾਲਤਾਂ ਦਾ ਰੁਖ਼ ਕਰ ਰਹੇ ਹਨ।