#PUNJAB

ਬਾਬਾ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਨੂੰ ਅਦਾਲਤ ਨੇ ਜੂਡੀਸ਼ੀਅਲ ਰਿਮਾਂਡ ‘ਤੇ ਭੇਜਿਆ

ਕੈਨੇਡਾ ਆਧਾਰਿਤ ਐੱਨ.ਆਰ.ਆਈ. ਨੇ ਫਾਰਚੂਨਰ ਨਾਲ ਮਾਰੀ ਸੀ ਮੈਰਾਥਨ ਦੌੜਾਕ ਨੂੰ ਟੱਕਰ
-ਪਾਸਪੋਰਟ ਰੀਨਿਊ ਕਰਵਾਉਣ ਲਈ ਪਿਛਲੇ ਮਹੀਨੇ ਆਇਆ ਸੀ ਅੰਮ੍ਰਿਤਪਾਲ
ਜਲੰਧਰ, 17 ਜੁਲਾਈ (ਪੰਜਾਬ ਮੇਲ)- ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਨੂੰ ਆਪਣੇ ਵਾਹਨ ਨਾਲ ਟੱਕਰ ਮਾਰ ਕੇ ਭੱਜਣ ਵਾਲੇ ਐੱਨ.ਆਰ.ਆਈ. ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੇ ਉਸ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਅੰਮ੍ਰਿਤਪਾਲ ਨੂੰ ਦੋ ਹਫ਼ਤਿਆਂ ਦੀ ਜੂਡੀਸ਼ੀਅਲ ਰਿਮਾਂਡ ‘ਚ ਭੇਜ ਦਿੱਤਾ। ਪੁਲਿਸ ਨੇ ਕਿਹਾ ਕਿ ਉਨ੍ਹਾਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ 30 ਘੰਟਿਆਂ ‘ਚ ਹੀ ਮਾਮਲੇ ਨੂੰ ਸੁਲਝਾ ਲਿਆ ਹੈ।
ਟੱਕਰ ਤੋਂ ਬਾਅਦ ਕਾਰ ਦਾ ਫੌਗ ਲੈਂਪ ਟੁੱਟ ਗਿਆ ਤੇ ਉੱਥੇ ਡਿੱਗ ਗਿਆ, ਜਿਸ ਨੂੰ ਮੌਕੇ ‘ਤੇ ਮੌਜੂਦ ਲੋਕਾਂ ਨੇ ਚੁੱਕਿਆ ਤੇ ਬਾਅਦ ‘ਚ ਮੌਕੇ ‘ਤੇ ਪਹੁੰਚੀ ਪੁਲਿਸ ਹਵਾਲੇ ਕਰ ਦਿੱਤਾ। ਹਾਦਸੇ ਤੋਂ ਬਾਅਦ ਪੁਲਿਸ ਨੇ ਟੁੱਟੇ ਹੋਏ ਫੌਗ ਲੈਂਪ ਤੇ ਲੋਕਾਂ ਤੋਂ ਮਿਲੇ ਇਨਪੁੱਟ ਨਾਲ ਪਿੰਡ ਦਾਸੂਪੁਰ ਕਰਤਾਰਪੁਰ ਦੇ ਨਿਵਾਸੀ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਮੰਗਲਵਾਰ ਰਾਤ ਨੂੰ ਘਰ ਤੋਂ ਗ੍ਰਿਫਤਾਰ ਕਰ ਲਿਆ।
ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਉਸ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ। ਹਾਦਸੇ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਲਈ ਕਾਰ ਚਾਲਕ ਨੂੰ ਫੜਨਾ ਮੁਸ਼ਕਲ ਸੀ ਕਿਉਂਕਿ ਹਾਦਸੇ ਵਾਲੀ ਥਾਂ ਦੇ ਆਲੇ-ਦੁਆਲੇ ਕੋਈ ਸੀ.ਸੀ.ਟੀ.ਵੀ. ਕੈਮਰਾ ਨਹੀਂ ਸੀ। ਮੌਕੇ ‘ਤੇ ਟੁੱਟਿਆ ਫੌਗ ਲੈਂਪ ਡਿੱਗਣ ਤੇ ਲੋਕਾਂ ਤੋਂ ਮਿਲੇ ਇਨਪੁਟ ਤੋਂ ਬਾਅਦ ਪੁਲਿਸ ਨੇ ਪਹਿਲਾਂ ਪਤਾ ਲਗਾਇਆ ਕਿ ਫੌਜਾ ਸਿੰਘ ਘਰੋਂ ਕਿੰਨੇ ਵਜੇ ਨਿਕਲਿਆ ਸੀ ਤੇ ਰੋਡ ‘ਤੇ ਕਦੋਂ ਪਹੁੰਚੇ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਮਿਲੀ ਕਾਰ ਦਾ ਟੁੱਟਿਆ ਫੌਗ ਲੈਂਪ ਕਬਜ਼ੇ ‘ਚ ਲੈ ਕੇ ਪਹਿਲਾਂ ਕਾਰ ਏਜੰਸੀ ਤੋਂ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਇਹ 2009 ਤੇ 2010 ਮਾਡਲ ਦੀ ਫਾਰਚੂਨਰ ਕਾਰ ਦਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਚਿੱਟੀ ਕਾਰ ਦੀ ਪਛਾਣ ਕਰਨ ਲਈ ਅਪਰਾਧ ਵਾਲੀ ਥਾਂ ਤੋਂ ਕਿਸ਼ਨਗੜ੍ਹ ਚੌਕ ਤੋਂ ਪਹਿਲਾਂ ਕਰਤਾਰਪੁਰ ਜਾਣ ਵਾਲੀ ਸੜਕ ‘ਤੇ ਮੈਡੀਕਲ ਸਟੋਰ ਦੇ ਕੈਮਰਿਆਂ ਦੀ ਜਾਂਚ ਕੀਤੀ, ਤਾਂ ਟੁੱਟੇ ਹੋਏ ਫੌਗ ਲੈਂਪ ਵਾਲੀ ਚਿੱਟੀ ਫਾਰਚੂਨਰ ਕਾਰ ਨਿਕਲਦੀ ਦਿਖਾਈ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਕਪੂਰਥਲਾ ਦੇ ਅਠੌਲੀ ਪਿੰਡ ਦੇ ਰਹਿਣ ਵਾਲੇ ਕਾਰ ਮਾਲਕ ਵਰਿੰਦਰ ਸਿੰਘ ਤੋਂ ਕਾਰ ਨੰਬਰ ਬਾਰੇ ਪੁੱਛਗਿੱਛ ਕੀਤੀ। ਜਾਂਚ ‘ਚ ਪਤਾ ਲੱਗਾ ਕਿ ਉਸ ਨੇ ਕਾਰ ਵੇਚ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰ ਖਰੀਦਣ ਵਾਲੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਤੇ ਦੇਰ ਰਾਤ ਪਿੰਡ ਦਾਸੂਪੁਰ ਕਰਤਾਰਪੁਰ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਕਾਰ ਚਾਲਕ ਨੂੰ ਫੜਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਉਹ ਖੁਦ ਤੇ ਜੀਓ ਰੈਂਕ ਦੇ ਅਧਿਕਾਰੀ ਕਾਰ ਚਾਲਕ ਦੀ ਭਾਲ ‘ਚ ਲੱਗੇ ਹੋਏ ਸਨ। ਉਹ ਦੇਰ ਰਾਤ ਤੱਕ ਸਾਰੇ ਅਧਿਕਾਰੀਆਂ ਦੇ ਸੰਪਰਕ ‘ਚ ਸੀ।
ਅੰਮ੍ਰਿਤਪਾਲ ਸਿੰਘ ਢਿੱਲੋਂ ਦੇ ਪਰਿਵਾਰ ‘ਚ ਉਸ ਦੀ ਮਾਂ ਤੇ ਦੋ ਭੈਣਾਂ ਹਨ। ਉਹ ਅੱਠ ਸਾਲ ਪਹਿਲਾਂ ਟੂਰਿਸਟ ਵੀਜ਼ੇ ‘ਤੇ ਕੈਨੇਡਾ ਗਿਆ ਤੇ ਉੱਥੇ ਲੇਬਰ ਵਜੋਂ ਕੰਮ ਕਰਦਾ ਸੀ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਕਿ ਉਸ ਦਾ ਪਾਸਪੋਰਟ ਇਸ ਸਾਲ ਖਤਮ ਹੋਣ ਵਾਲਾ ਸੀ ਤੇ ਕੈਨੇਡਾ ‘ਚ ਇਸ ਨੂੰ ਰੀਨਿਊ ਕਰਵਾਉਣ ਦੀ ਲਾਗਤ ਬਹੁਤ ਜ਼ਿਆਦਾ ਸੀ, ਜਿਸ ਕਾਰਨ ਉਹ ਪਿਛਲੇ ਮਹੀਨੇ 23 ਜੂਨ ਨੂੰ ਆਪਣਾ ਪਾਸਪੋਰਟ ਰੀਨਿਊ ਕਰਵਾਉਣ ਲਈ ਪੰਜਾਬ ਵਾਪਸ ਆਇਆ ਸੀ। ਪਾਸਪੋਰਟ ਸਬੰਧੀ ਉਹ ਦੋ ਦਿਨ ਪਹਿਲਾਂ ਏਜੰਟ ਨੂੰ ਵੀ ਮਿਲਿਆ ਸੀ। ਦੇਰ ਰਾਤ ਹਾਦਸੇ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਨੇ ਵਿਦੇਸ਼ ‘ਚ ਆਪਣੇ ਪਰਿਵਾਰ ਨਾਲ ਵੀ ਗੱਲ ਕੀਤੀ ਸੀ।
ਕਾਰ ਚਾਲਕ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਕਸਰ ਕੈਨੇਡਾ ‘ਚ ਗੱਡੀ ਚਲਾਉਂਦਾ ਹੈ। ਉਹ ਕਾਫ਼ੀ ਸਮੇਂ ਬਾਅਦ ਪੰਜਾਬ ਵਾਪਸ ਆਇਆ ਸੀ। ਸੋਮਵਾਰ ਨੂੰ ਉਹ ਭੋਗਪੁਰ ਤੋਂ ਪੈਸੇ ਲੈ ਕੇ ਤੇ ਕਾਲਾ ਬੱਕਰਾ ਤੋਂ ਕਾਰ ਦਾ ਟਾਇਰ ਬਦਲਵਾ ਕੇ ਘਰ ਵਾਪਸ ਆ ਰਿਹਾ ਸੀ। ਜਦੋਂ ਬਿਆਸ ਪਿੰਡ ਦੇ ਨੇੜੇ ਕੋਈ ਉਸ ਦੇ ਸਾਹਮਣੇ ਆਇਆ, ਵਿਦੇਸ਼ਾਂ ‘ਚ ਜ਼ਿਆਦਾਤਰ ਖੱਬੇ ਪਾਸੇ ਸਟੇਅਰਿੰਗ ਹੁੰਦਾ ਹੈ ਤੇ ਇੰਡੀਆ ਰਾਈਟ ਸਾਈਡ ਸਟੇਅਰਿੰਗ ਹੋਣ ਕਾਰਨ ਉਹ ਕਾਰ ਨੂੰ ਉਸ ਵਿਅਕਤੀ ਨਾਲ ਟਕਰਾਉਣ ਤੋਂ ਨਹੀਂ ਰੋਕ ਸਕਿਆ। ਹਾਦਸੇ ਤੋਂ ਬਾਅਦ ਉਹ ਡਰ ਗਿਆ ਤੇ ਕੰਮ ਲਈ ਜਲੰਧਰ ਜਾਣ ਲਈ ਰੁੱਕ ਗਿਆ। ਉਹ ਕਿਸ਼ਨਗੜ੍ਹ ਚੌਕ ਰਾਹੀਂ ਪਿੰਡ ਦਾਸੂਪੁਰ ਕਰਤਾਰਪੁਰ ‘ਚ ਘਰ ਪਹੁੰਚਿਆ। ਦੇਰ ਰਾਤ ਟੀ.ਵੀ. ‘ਤੇ ਖ਼ਬਰਾਂ ਦੇਖਣ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਫੌਜਾ ਸਿੰਘ ਦੀ ਉਸ ਦੀ ਕਾਰ ਨਾਲ ਟੱਕਰ ਕਾਰਨ ਮੌਤ ਹੋ ਗਈ ਹੈ।