ਜਲੰਧਰ, 16 ਜੁਲਾਈ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਗ਼ੈਰਕਾਨੂੰਨੀ ‘ਡੰਕੀ ਰੂਟ’ ਨੈੱਟਵਰਕ ਖ਼ਿਲਾਫ਼ ਕਾਰਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਦੇ ਕਈ ਸ਼ਹਿਰਾਂ ‘ਚ ਮਾਰੇ ਛਾਪਿਆਂ ਦੌਰਾਨ ਵੱਡੀ ਮਾਤਰਾ ‘ਚ ਫ਼ਰਜ਼ੀ ਦਸਤਾਵੇਜ਼, ਕਈ ਦੇਸ਼ਾਂ ਦੀਆਂ ਜਾਅਲੀ ਮੋਹਰਾਂ, ਵੀਜ਼ਾ ਟੈਂਪਲੇਟ ਅਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਹੈ। ਈ.ਡੀ. ਨੇ ਪੰਜਾਬ ਦੇ ਮਾਨਸਾ ਅਤੇ ਹਰਿਆਣਾ ਦੇ ਕੁਰੂਕਸ਼ੇਤਰ ਤੇ ਕਰਨਾਲ ਸਮੇਤ ਕਈ ਥਾਵਾਂ ‘ਤੇ ਛਾਪੇ ਮਾਰੇ ਸਨ। ਈ.ਡੀ. ਅਧਿਕਾਰੀਆਂ ਵੱਲੋਂ ਜਾਰੀ ਅਧਿਕਾਰਿਤ ਬਿਆਨ ਅਨੁਸਾਰ, ਇਹ ਕਾਰਵਾਈ 9 ਜੁਲਾਈ ਨੂੰ ਮਾਰੇ ਛਾਪਿਆਂ ਦੌਰਾਨ ਮਿਲੇ ਸਬੂਤਾਂ ਦੇ ਆਧਾਰ ‘ਤੇ ਕੀਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ ‘ਚ ਪੈਸੇ ਭੇਜਣ ਵਾਲੇ ਰੈਕੇਟ ਵੱਲੋਂ ਕੀਤੀ ਜਾ ਰਹੀ ਸੀ।
ਅਮਰੀਕਾ ਵੱਲੋਂ ਪਿਛਲੇ ਸਮੇਂ ਦੌਰਾਨ ਕੁੱਝ ਪੰਜਾਬੀਆਂ ਨੂੰ ਡਿਪੋਰਟ ਕਰਕੇ ਫੌਜੀ ਜਹਾਜ਼ਾਂ ਰਾਹੀਂ ਅੰਮ੍ਰਿਤਸਰ ਏਅਰਪੋਰਟ ਭੇਜਿਆ ਗਿਆ ਸੀ। ਉਸ ਵਕਤ ਭਾਵੇਂ ਡਿਪੋਰਟ ਕੀਤੇ ਯਾਤਰੀ ਬਿਨਾਂ ਕਿਸੇ ਪੁੱਛਗਿਛ ਦੇ ਆਪੋ-ਆਪਣੇ ਘਰਾਂ ਵਿਚ ਭੇਜ ਦਿੱਤੇ ਗਏ ਸਨ। ਪਰ ਬਾਅਦ ਵਿਚ ਈ.ਡੀ. ਵਿਭਾਗ ਨੇ ਡਿਪੋਰਟ ਕੀਤੇ ਗਏ ਲੋਕਾਂ ਅਤੇ ਉਨ੍ਹਾਂ ਦੇ ਟਰੈਵਲ ਏਜੰਟਾਂ ‘ਤੇ ਨਿਗ੍ਹਾ ਰੱਖਣੀ ਸ਼ੁਰੂ ਕੀਤੀ ਸੀ। ਕਾਫੀ ਘੋਖ ਕਰਨ ਤੋਂ ਬਾਅਦ ਈ.ਡੀ. ਵਿਭਾਗ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਜਿੱਥੇ ਉਹ ਜਾਅਲੀ ਏਜੰਟਾਂ ‘ਤੇ ਕਾਰਵਾਈ ਕਰਨਗੇ, ਉਸ ਦੇ ਨਾਲ-ਨਾਲ ਭਾਰੀ ਰਕਮਾਂ ਦੇ ਕੇ ਬਾਹਰ ਗਏ ਲੋਕਾਂ ਕੋਲੋਂ ਇੰਨੀ ਭਾਰੀ ਰਕਮ ਇਕੱਠੀ ਕਰਨ ਦੇ ਸਰੋਤਾਂ ਬਾਰੇ ਵੀ ਪਤਾ ਕੀਤਾ ਜਾਵੇਗਾ।
ਡੰਕੀ ਰੂਟ ਮਾਮਲਾ: ਈ.ਡੀ. ਦੇ ਛਾਪਿਆਂ ਦੌਰਾਨ ਫ਼ਰਜ਼ੀ ਦਸਤਾਵੇਜ਼ ਬਰਾਮਦ
