– ਹਾਦਸੇ ‘ਚ ਵਰਤੀ ਗਈ ਫਾਰਚੂਨਰ ਗੱਡੀ ਵੀ ਬਰਾਮਦ
– ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਕੀਤੀ ਦੋਸ਼ੀ ਦੀ ਭਾਲ
– 8 ਦਿਨ ਪਹਿਲਾਂ ਹੀ ਦੋਸ਼ੀ ਕੈਨੇਡਾ ਤੋਂ ਆਇਆ ਸੀ ਵਾਪਸ
ਜਲੰਧਰ, 16 ਜੁਲਾਈ (ਪੰਜਾਬ ਮੇਲ)- ਪੁਲਿਸ ਨੇ ਮੈਰਾਥਨ ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਵਿਅਕਤੀ ਨੂੰ ਫਾਰਚੂਨਰ ਗੱਡੀ ਸਣੇ ਕਾਬੂ ਕਰ ਲਿਆ ਹੈ। ਫੌਜਾ ਸਿੰਘ ਦੀ ਬੀਤੇ ਦਿਨੀਂ ਸੜਕ ਹਾਦਸੇ ‘ਚ ਮੌਤ ਹੋ ਗਈ ਸੀ। ਐੱਸ.ਐੱਸ.ਪੀ. ਜਲੰਧਰ ਦਿਹਾਤੀ ਹਰਵਿੰਦਰ ਐੱਸ. ਵਿਰਕ ਨੇ ਕਾਰ ਨੰਬਰ ਪੀਬੀ 20 ਸੀ 7100 ਵਾਲੀ ਗੱਡੀ ਦੇ ਹਿੱਟ ਐਂਡ ਰਨ ਕੇਸ ‘ਚ ਸ਼ਾਮਲ ਹੋਣ ਦੀ ਪੁਸ਼ਟੀ ‘ਤੇ ਕਿਹਾ ਕਿ ਦੋਸ਼ੀ ਅੰਮ੍ਰਿਤਪਾਲ ਸਿੰਘ ਢਿੱਲੋਂ (26) ਵਾਸੀ ਦਾਸੂਪੁਰ ਨੂੰ ਉਸ ਦੇ ਘਰੋਂ ਵਾਹਨ ਸਣੇ ਕਾਬੂ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਹਾਲ ਹੀ ਵਿਚ ਕੈਨੇਡਾ ਤੋਂ ਵਾਪਸ ਆਇਆ ਸੀ।
ਉਨ੍ਹਾਂ ਦੱਸਿਆ ਕਿ ਇਸ ਕਾਰ ਦੀ ਪਛਾਣ ਹਾਦਸੇ ਵਾਲੀ ਥਾਂ ਡਿੱਗੀ ਹੈੱਡਲਾਈਟ ਤੇ ਬੰਪਰ ਦੇ ਹਿੱਸੇ ਸਣੇ ਇਸ ਦੇ ਗੁੰਮ ਹੋਏ ਹਿੱਸਿਆਂ ਤੋਂ ਹੋਈ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਥਾਂ ‘ਤੇ ਕੋਈ ਸੀ.ਸੀ.ਟੀ.ਵੀ. ਨਹੀਂ ਸੀ, ਜਿਸ ਕਰਕੇ ਪੁਲਿਸ ਟੀਮਾਂ ਨੂੰ ਘਟਨਾ ਸਥਾਨ ਦੇ ਨੇੜਲੀਆਂ ਥਾਵਾਂ ਤੋਂ ਸੀ.ਸੀ.ਟੀ.ਵੀ. ਫੁਟੇਜ ਇਕੱਠੀ ਕਰਨ ‘ਚ ਕਾਫੀ ਸਮਾਂ ਲੱਗਾ।
ਘਟਨਾ ਤੋਂ ਬਾਅਦ, ਪੁਲਿਸ ਨੇ ਦੋਸ਼ੀ ਡਰਾਈਵਰ ਵਿਰੁੱਧ ਭਾਰਤੀ ਦੰਡਾਵਲੀ (ਬੀ.ਐੱਨ.ਐੱਸ.) ਦੀ ਧਾਰਾ 281 (ਲਾਪ੍ਰਵਾਹੀ ਨਾਲ ਗੱਡੀ ਚਲਾਉਣਾ) ਅਤੇ ਧਾਰਾ 105 (ਗੈਰ-ਕਾਨੂੰਨੀ ਕਤਲ ਜੋ ਕਤਲ ਨਹੀਂ ਹੈ) ਤਹਿਤ ਮਾਮਲਾ ਦਰਜ ਕੀਤਾ ਸੀ।
ਐੱਸ.ਐੱਸ.ਪੀ. ਮੁਤਾਬਕ ਚਸ਼ਮਦੀਦਾਂ ਨੇ ਦੱਸਿਆ ਸੀ ਕਿ ਇੱਕ ਚਿੱਟੀ ਕਾਰ ਜੋ ਕਿ ਫਾਰਚੂਨਰ ਜਾਂ ਇਨੋਵਾ ਹੋ ਸਕਦੀ ਹੈ, ਨੇ ਮੈਰਾਥਨ ਦੌੜਾਕ ਨੂੰ ਟੱਕਰ ਮਾਰੀ ਸੀ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਬਾਅਦ ਵਾਲੇ ਸਾਰੇ ਵੀਡੀਓਜ਼ ਦੀ ਜਾਂਚ ਕੀਤੀ, ਤਾਂ ਜੋ ਉਸ ਵਾਹਨ, ਜਿਸ ਦੀ ਹੈੱਡਲਾਈਟ ਤੇ ਬੰਪਰ ਕੁਝ ਹਿੱਸੇ ਗਾਇਬ ਸਨ, ਦਾ ਪਤਾ ਲੱਗ ਸਕੇ। ਉਨ੍ਹਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਇਸ ਵਾਹਨ ਦੇ ਉਕਤ ਦੋਵੇਂ ਹਿੱਸੇ ਹਾਦਸੇ ਵਾਲੀ ਥਾਂ ਤੋਂ ਪਹਿਲਾਂ ਠੀਕ ਸਨ, ਜਿਸ ਤੋਂ ਪੁਸ਼ਟੀ ਹੋਈ ਕਿ ਇਸੇ ਵਾਹਨ ਨੇ ਫੌਜਾ ਸਿੰਘ ਨੂੰ ਟੱਕਰ ਮਾਰੀ ਸੀ।
ਇਹ ਹਾਦਸਾ ਸੋਮਵਾਰ ਦੁਪਹਿਰ ਬਾਅਦ 3.10 ਵਜੇ ਵਾਪਰਿਆ ਸੀ, ਜਦੋਂ ਫੌਜਾ ਸਿੰਘ ਬਿਆਸ ਪਿੰਡ ਵਿਚ ਆਪਣੇ ਘਰ ਨੇੜੇ ਜਲੰਧਰ-ਪਠਾਨਕੋਟ ਹਾਈਵੇਅ ਪਾਰ ਕਰ ਕੇ ਆਪਣੇ ਪਰਿਵਾਰ ਦੀ ਮਾਲਕੀ ਵਾਲੇ ਢਾਬੇ ‘ਤੇ ਜਾ ਰਹੇ ਸਨ। ਸੀ.ਸੀ.ਟੀ.ਵੀ. ਫੁਟੇਜ ਵਿਚ ਉਹ ਆਪਣੀ ਜਗ੍ਹਾ ਤੋਂ ਹਾਈਵੇਅ ਵੱਲ ਜਾਂਦੇ ਦਿਖਾਏ ਦਿੱਤੇ। ਉਹ ਆਪਣੀ ਸੋਟੀ ਨਾਲ ਹੌਲੀ-ਹੌਲੀ ਤੁਰਦੇ ਦਿਖਾਈ ਦੇ ਰਹੇ ਹਨ। ਚਸ਼ਮਦੀਦਾਂ ਅਨੁਸਾਰ ਟੱਕਰ ਇੰਨੀ ਜ਼ੋਰਦਾਰ ਸੀ ਕਿ ਫੌਜਾ ਸਿੰਘ ਹਵਾ ‘ਚ ਪੰਜ ਤੋਂ ਸੱਤ ਫੁੱਟ ਉੱਪਰ ਉੱਡ ਗਿਆ। ਫੌਜਾ ਸਿੰਘ ਦੇ ਪੁੱਤਰ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਹਾਦਸਾ ਹੋਇਆ ਤਾਂ ਉਹ ਘਰ ਵਿਚ ਨਹੀਂ ਸਨ।
ਜ਼ਿਕਰਯੋਗ ਹੈ ਕਿ ਜਦੋਂ ਫੌਜਾ ਸਿੰਘ 89 ਸਾਲਾਂ ਦੇ ਸਨ, ਤਾਂ ਉਨ੍ਹਾਂ ਦੀ ਪਤਨੀ ਅਤੇ ਬੱਚੇ ਦੀ ਇਕ ਹਾਦਸੇ ਵਿਚ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਫ਼ੀ ਵੱਡਾ ਸਦਮਾ ਲੱਗਾ ਅਤੇ ਉਹ ਤਣਾਅ ਵਿਚ ਰਹਿਣ ਲੱਗ ਪਏ। ਉਦੋਂ ਤੋਂ ਹੀ ਉਨ੍ਹਾਂ ਨੇ ਮੈਰਾਥਨ ਦੌੜਨ ਦਾ ਫ਼ੈਸਲਾ ਕੀਤਾ ਤੇ ਕਈ ਖ਼ਿਤਾਬ ਵੀ ਜਿੱਤੇ।
ਵੱਖ-ਵੱਖ ਸ਼ਖਸੀਅਤਾਂ ਵੱਲੋਂ ਫੌਜਾ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ
ਮੈਰਾਥਨ ਦੌੜਾਕ ਫੌਜਾ ਸਿੰਘ ਅਸਧਾਰਨ ਸਨ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 114 ਸਾਲਾ ਬਜ਼ੁਰਗ ਮੈਰਾਥਨ ਫੌਜਾ ਸਿੰਘ, ਜਿਨ੍ਹਾਂ ਦੀ ਸੋਮਵਾਰ ਨੂੰ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ, ਨੂੰ ਨਿੱਘੀ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਆਪਣੀ ਵਿਲੱਖਣ ਸ਼ਖ਼ਸੀਅਤ ਅਤੇ ਭਾਰਤ ਦੇ ਨੌਜਵਾਨਾਂ ਨੂੰ ਤੰਦਰੁਸਤੀ ਦੇ ਵਿਸ਼ੇ ਬਾਰੇ ਪ੍ਰੇਰਿਤ ਕਰਨ ਦੇ ਤਰੀਕੇ ਕਰਕੇ ਅਸਾਧਾਰਨ ਸਨ।
ਪ੍ਰਧਾਨ ਮੰਤਰੀ ਨੇ ਕਿਹਾ, ”ਫੌਜਾ ਸਿੰਘ ਜੀ ਆਪਣੀ ਵਿਲੱਖਣ ਸ਼ਖ਼ਸੀਅਤ ਅਤੇ ਤੰਦਰੁਸਤੀ ਜਿਹੇ ਮਹੱਤਵਪੂਰਨ ਵਿਸ਼ੇ ‘ਤੇ ਭਾਰਤ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਤਰੀਕੇ ਕਰਕੇ ਅਸਾਧਾਰਨ ਸਨ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦੇ ਦਿਹਾਂਤ ਤੋਂ ਦੁਖੀ ਹਾਂ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਦੁਨੀਆਂ ਭਰ ਦੇ ਅਣਗਿਣਤ ਪ੍ਰਸ਼ੰਸਕਾਂ ਨਾਲ ਹਨ।”
ਦ੍ਰਿੜ੍ਹਤਾ ਤੇ ਉਮੀਦ ਦੇ ਸਥਾਈ ਪ੍ਰਤੀਕ ਸਨ : ਰਾਜਪਾਲ
ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਦੌੜਾਕ ਫ਼ੌਜਾ ਸਿੰਘ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਆਪਣੀ ਤਾਕਤ ਤੇ ਵਚਨਬੱਧਤਾ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਸਨ। ਉਨ੍ਹਾਂ ਦੀ ਵਿਰਾਸਤ ਇਕ ਸਿਹਤਮੰਦ ਤੇ ਨਸ਼ਾ-ਮੁਕਤ ਪੰਜਾਬ ਲਈ ਲੜਨ ਵਾਲਿਆਂ ਦੇ ਦਿਲਾਂ ‘ਚ ਹਮੇਸ਼ਾ ਜ਼ਿੰਦਾ ਰਹੇਗੀ।
ਜਥੇ. ਗੜਗੱਜ ਤੇ ਕੈਪਟਨ ਅਮਰਿੰਦਰ ਵੱਲੋਂ ਦੁੱਖ ਪ੍ਰਗਟ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦੌੜਾਕ ਫੌਜਾ ਸਿੰਘ ਦੇ ਹਾਦਸੇ ‘ਚ ਹੋਏ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਫੌਜਾ ਸਿੰਘ ਸਮੁੱਚੇ ਸਿੱਖ ਜਗਤ ਅਤੇ ਖ਼ਾਸਕਰ ਸਿੱਖ ਨਨਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਦੂਜੇ ਪਾਸੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟ ਕਰਦਿਆਂ ਆਖਿਆ ਕਿ ਉਨ੍ਹਾਂ ਦਾ ਅਸਾਧਾਰਨ ਜੀਵਨ ਤੇ ਅਟੱਲ ਭਾਵਨਾ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਫੌਜਾ ਸਿੰਘ ਦੇ ਦੇਹਾਂਤ ‘ਤੇ ਦੁੱਖ ਜ਼ਾਹਿਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉੱਘੇ ਪੰਜਾਬੀ ਸਿੱਖ ਦੌੜਾਕ ਫੌਜਾ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫੌਜਾ ਸਿੰਘ ਜੀ ਨੇ ਆਪਣੀਆਂ ਲੰਬੀਆਂ ਦੌੜਾਂ ਦੀ ਬਦੌਲਤ ਪੂਰੀ ਦੁਨੀਆਂ ਵਿਚ ਸਿੱਖ ਕੌਮ ਦਾ ਨਾਂ ਰੌਸ਼ਨ ਕੀਤਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਫੌਜਾ ਸਿੰਘ ਜੀ ਹਮੇਸ਼ਾ ਸਾਡੇ ਦਿਲਾਂ ਅਤੇ ਚੇਤਿਆਂ ‘ਚ ਜਿਉਂਦੇ ਰਹਿਣਗੇ।