– ਸ਼ਰਾਬੀ ਏਜੰਟ ਨੇ ਸਾਹਮਣੇ ਤੋਂ ਆ ਰਹੇ ਐੱਸ.ਯੂ.ਵੀ. ਨੂੰ ਮਾਰੀ ਟੱਕਰ
– ਗੱਡੀ ‘ਚ ਭਰੇ ਸਨ 12 ਗੈਰਕਾਨੂੰਨੀ ਪ੍ਰਵਾਸੀ; 4 ਜ਼ਖਮੀ
ਮਾਂਟਰੀਅਲ, 15 ਜੁਲਾਈ (ਪੰਜਾਬ ਮੇਲ)- ਟਰੰਪ ਦੇ ਇੰਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਸੁਰੱਖਿਅਤ ਟਿਕਾਣੇ ਤਲਾਸ਼ ਕਰ ਰਹੇ ਪ੍ਰਵਾਸੀਆਂ ਨਾਲ ਕੈਨੇਡਾ ਵਿਚ ਭਾਣਾ ਵਰਤ ਗਿਆ, ਜਦੋਂ ਸ਼ਰਾਬੀ ਏਜੰਟ ਨੇ ਸਾਹਮਣੇ ਤੋਂ ਆ ਰਹੇ ਐੱਸ.ਯੂ.ਵੀ. ਨੂੰ ਟੱਕਰ ਮਾਰ ਦਿੱਤੀ। ਹਾਦਸਾ ਕਿਊਬੈਕ ਸੂਬੇ ਵਿਚ ਵਾਪਰਿਆ ਅਤੇ ਗੱਡੀ ਵਿਚ ਤੁੰਨੇ ਪ੍ਰਵਾਸੀਆਂ ਵਿਚੋਂ ਘੱਟੋ-ਘੱਟ ਚਾਰ ਜਣੇ ਜ਼ਖਮੀ ਹੋ ਗਏ। ਮਾਂਟਰੀਅਲ ਤੋਂ 65 ਕਿਲੋਮੀਟਰ ਦੱਖਣ ਵੱਲ ਹੈਮਿੰਗਫਰਡ ਦੇ ਇਕ ਇੰਟਰਸੈਕਸ਼ਨ ‘ਤੇ ਵਾਪਰਿਆ। ਪੁਲਿਸ ਦਾ ਕਹਿਣਾ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਪ੍ਰਵਾਸੀਆਂ ਨੂੰ ਆਪਣੀ ਕੋਈ ਪ੍ਰਵਾਹ ਨਹੀਂ।
ਉਧਰ ਗੱਡੀ ਵਿਚ ਤੁੰਨੇ ਪ੍ਰਵਾਸੀਆਂ ਦੀ ਗਿਣਤੀ ਬਾਰੇ ਵੀ ਵੱਖੋ-ਵੱਖਰੇ ਅੰਕੜੇ ਸਾਹਮਣੇ ਆ ਰਹੇ ਹਨ। ਮੌਕੇ ‘ਤੇ ਪੁੱਜੇ ਐਮਰਜੰਸੀ ਕਾਮਿਆਂ ਵੱਲੋਂ ਪਹਿਲਾਂ 10 ਜਣਿਆਂ ਦਾ ਜ਼ਿਕਰ ਕੀਤਾ ਗਿਆ ਪਰ ਕੁਝ ਦੇਰ ਮਗਰੋਂ ਅੰਕੜਾ 12 ਦੱਸਿਆ ਜਾ ਰਿਹਾ ਸੀ। ਆਰ.ਸੀ.ਐੱਮ.ਪੀ. ਨੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਤੋਂ ਆਉਣ ਬਾਰੇ ਤਸਦੀਕ ਕਰ ਦਿੱਤੀ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਦੋਂ ਦਾਖਲ ਹੋਏ। ਪੁਲਿਸ ਵੱਲੋਂ 48 ਸਾਲ ਦੇ ਅਮਰੀਕਨ ਨੂੰ ਗ੍ਰਿਫ਼ਤਾਰ ਕਰਦਿਆਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਇਥੇ ਦੱਸਣਾ ਬਣਦਾ ਹੈ ਕਿ ਡੋਨਾਲਡ ਟਰੰਪ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਕੈਨੇਡਾ ਤੋਂ ਅਮਰੀਕਾ ਵੱਲ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਲੱਖਾਂ ਵਿਚ ਹੁੰਦੀ ਸੀ ਅਤੇ 2023 ਦੌਰਾਨ ਕਸਟਮਜ਼ ਅਤੇ ਬਾਰਡਰ ਪੈਟਰੋਲ ਵਾਲਿਆਂ ਨੇ 1 ਲੱਖ 90 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਬਾਰਡਰ ‘ਤੇ ਰੋਕਿਆ। ਨਿਊਯਾਰਕ, ਵਰਮੌਂਟ ਅਤੇ ਨਿਊ ਹੈਂਪਸ਼ਾਇਰ ਦੇ ਨਾਲ ਲੱਗਦੇ ਕੈਨੇਡਾ ਦੇ ਸਵੈਂਟਨ ਸੈਕਟਰ ਦਾ 24 ਹਜ਼ਾਰ ਵਰਗ ਮੀਲ ਇਲਾਕਾ ਪ੍ਰਵਾਸੀਆਂ ਦੇ ਅਮਰੀਕਾ ਦਾਖਲ ਹੋਣ ਦਾ ਬਿਹਤਰੀਨ ਰਾਹ ਮੰਨਿਆ ਜਾਂਦਾ ਸੀ ਪਰ ਹੁਣ ਇਸੇ ਰਸਤੇ ਅਮਰੀਕਾ ਤੋਂ ਕੈਨੇਡਾ ਆਉਣ ਵਾਲਿਆਂ ਦੀ ਭੀੜ ਵਧਦੀ ਜਾ ਰਹੀ ਹੈ।
ਮਾਇਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਵਿਸ਼ਲੇਸ਼ਕ ਕੌਲਨ ਪੁਟਜ਼ਲ ਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਪ੍ਰਵਾਸੀਆਂ ਦੀ ਆਮਦ ਵਿਚ ਵਾਧਾ ਹੋ ਰਿਹਾ ਹੈ ਪਰ ਹਾਲਾਤ ਬੇਕਾਬੂ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਇਸ ਦੇ ਉਲਟ ਇੰਮੀਗ੍ਰੇਸ਼ਨ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਰੁਝਾਨ ਕੈਨੇਡਾ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਹੈ ਅਤੇ ਇਸ ਨੂੰ ਜਲਦ ਤੋਂ ਜਲਦ ਠੱਲ੍ਹ ਪਾਉਣੀ ਹੋਵੇਗੀ। ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਅੰਕੜਿਆਂ ਦੀ ਮਿਸਾਲ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ 2015 ‘ਚ ਸਿਰਫ਼ 110 ਮੈਕਸੀਕਨ ਨਾਗਰਿਕਾਂ ਨੇ ਕੈਨੇਡਾ ਵਿਚ ਅਸਾਇਲਮ ਦਾ ਦਾਅਵਾ ਕੀਤਾ ਪਰ 2023 ‘ਚ ਇਹ ਅੰਕੜਾ 24 ਹਜ਼ਾਰ ਤੱਕ ਪੁੱਜ ਗਿਆ। ਇਸ ਵਾਰ ਸਿਰਫ਼ ਮੈਕਸੀਕਨ ਨਾਗਰਿਕ ਕੈਨੇਡਾ ਵੱਲ ਨਹੀਂ ਆ ਰਹੇ, ਸਗੋਂ ਇਹ ਵੱਖ-ਵੱਖ ਮੁਲਕਾਂ ਨਾਲ ਸਬੰਧਤ ਪ੍ਰਵਾਸੀ ਹਨ ਅਤੇ ਢੁੱਕਵੀਂ ਕਾਰਵਾਈ ਨਾ ਕੀਤੀ ਗਈ, ਤਾਂ ਪਨਾਹ ਦੇ ਦਾਅਵਿਆਂ ਦਾ ਅੰਕੜਾ 10 ਲੱਖ ਤੋਂ ਟੱਪ ਸਕਦਾ ਹੈ।
ਅਮਰੀਕਾ ਤੋਂ ਕੈਨੇਡਾ ਸਰਹੱਦ ਪਾਰ ਕਰਕੇ ਆਏ ਗੈਰਕਾਨੂੰਨੀ ਪ੍ਰਵਾਸੀਆਂ ਦੀ ਗੱਡੀ ਨਾਲ ਹਾਦਸਾ
