ਵਾਸ਼ਿੰਗਟਨ, 14 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਅਮਰੀਕਾ ਵਿਚ ਨਕਲੀ ਅਤੇ ਮਿਲਾਵਟੀ ਦਵਾਈਆਂ ਵੇਚਣ ਦੀ ਯੋਜਨਾ ਦੇ ਦੋਸ਼ ਵਿਚ ਅਦਾਲਤ ਨੇ 30-30 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। 39 ਸਾਲਾ ਕੁਮਾਰ ਝਾਅ ਅਤੇ 36 ਸਾਲਾ ਰਜਨੀਸ਼ ਕੁਮਾਰ ਝਾਅ ਦੋਵਾਂ ਨੂੰ 20 ਅਪ੍ਰੈਲ, 2023 ਨੂੰ ਸਿੰਗਾਪੁਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫਰਵਰੀ 2025 ਵਿਚ ਅਮਰੀਕਾ ਦੇ ਹਵਾਲੇ ਕਰ ਦਿੱਤਾ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਸਿਆਟਲ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿਚ ਸਜ਼ਾ ਸੁਣਾਈ ਗਈ।
ਇਨ੍ਹਾਂ ਦੋ ਭਾਰਤੀ ਭਰਾਵਾਂ ਨੇ ਅਮਰੀਕਾ ਵਿਚ ਦੂਸ਼ਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਸੀ। ਇਨ੍ਹਾਂ ਝਾਅ ਭਰਾਵਾਂ ਦੀ ਜਾਂਚ 2019 ਵਿਚ ਸ਼ੁਰੂ ਹੋਈ ਸੀ ਅਤੇ ਜਾਂਚਕਰਤਾਵਾਂ ਨੇ ਇੰਟਰਨੈੱਟ ‘ਤੇ ਪੋਸਟਿੰਗਾਂ ਅਤੇ ਹੋਰ ਸਬੂਤਾਂ ਦੀ ਸਮੀਖਿਆ ਕੀਤੀ, ਜੋ ਦਰਸਾਉਂਦੇ ਹਨ ਕਿ ਦੋਵੇਂ ਝਾਅ ਭਰਾਵਾਂ ਅਤੇ ਉਨ੍ਹਾਂ ਦੀ ਕੰਪਨੀ, ਧ੍ਰਿਸ਼ਟੀ ਫਾਰਮਾ ਇੰਟਰਨੈਸ਼ਨਲ ਨੇ ਅਮਰੀਕਾ ਵਿਚ ਨੁਸਖ਼ੇ ਵਾਲੀਆਂ ਦਵਾਈਆਂ ਵੇਚਣ ਦੀ ਪੇਸ਼ਕਸ਼ ਕੀਤੀ ਸੀ। ਅਪਰਾਧਿਕ ਜਾਂਚ ਦਫ਼ਤਰ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ) ਅਤੇ ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨ ਦੇ ਗੁਪਤ ਏਜੰਟਾਂ ਨੂੰ ਝਾਅ ਭਰਾਵਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਦੇ ਕੁਝ ਉਤਪਾਦਾਂ ਨੂੰ ਖਰੀਦਣ ਦਾ ਕੰਮ ਸੌਂਪਿਆ ਗਿਆ ਸੀ। ਜਾਂਚ ਵਿਚ ਮੁੱਖ ਚਿੰਤਾ ਕੀਟਰੂਡਾ ਨਾਮਕ ਨਕਲੀ ਦਵਾਈ ਦੀ ਵਿਕਰੀ ਸੀ, ਜੋ ਕਿ ਲੇਟ-ਸਟੇਜ ਕੈਂਸਰ ਲਈ ਵਰਤੀ ਜਾਂਦੀ ਮਰਕ ਦੀ ਦਵਾਈ ਸੀ। ਵਿਸ਼ਲੇਸ਼ਣ ਤੋਂ ਇਹ ਸਿੱਟਾ ਨਿਕਲਿਆ ਕਿ ਭਾਰਤੀ ਮੂਲ ਦੇ ਝਾਅ ਭਰਾ ਕੀਟਰੂਡਾ ਨਾਮਕ ਨਕਲੀ ਦਵਾਈਆਂ ਵੇਚ ਰਹੇ ਸਨ, ਜਿਨ੍ਹਾਂ ਵਿਚ ਉਹ ਕੋਈ ਵੀ ਸਮੱਗਰੀ ਨਹੀਂ ਸੀ, ਜੋ ਅਸਲ ਉਤਪਾਦ ਵਿਚ ਸ਼ਾਮਲ ਸੀ।
ਅਮਰੀਕੀ ਮਰੀਜ਼ਾਂ ਨੂੰ ਨਕਲੀ ਦਵਾਈਆਂ ਵੇਚਣ ਦੇ ਦੋਸ਼ ‘ਚ ਸਿਆਟਲ ਦੇ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸਜ਼ਾ
