#PUNJAB

ਪੰਜਾਬ ਵਿਧਾਨ ਸਭਾ ਇਜਲਾਸ: 11 ਮਿੰਟ ਦੇ ਸੈਸ਼ਨ ਦੌਰਾਨ ਵਿਛੜੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਟ

ਚੰਡੀਗੜ੍ਹ, 10 ਜੁਲਾਈ (ਪੰਜਾਬ ਮੇਲ)-  ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸੈਸ਼ਨ ’ਚ ਗੁਜਰਾਤ ਚ ਹਵਾਈ ਹਾਦਸੇ ਚ ਮਾਰੇ ਗਏ ਸੈਂਕੜੇ ਲੋਕਾਂ ਤੋ ਇਲਾਵਾ ਅਬੋਹਰ ਚ ਮਾਰੇ ਗਏ ਕੱਪੜਾ ਵਪਾਰੀ ਸੰਜੇ ਵਰਮਾ ਤੋ ਇਲਾਵਾ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਸਰਧਾਂਜਲੀ ਦਿੱਤੀ ਗਈ। 11 ਮਿੰਟ ਚੱਲੇ ਸੈਸ਼ਨ ਨੂੰ ਅੱਜ ਸ਼ਰਧਾਂਜਲੀ ਸਮਾਗਮ ਮਗਰੋਂ ਉਠਾ ਦਿੱਤਾ ਗਿਆ। ਸ਼ਰਧਾਂਜਲੀ ਸੰਦਰਭਾਂ ਦੌਰਾਨ ਵਰਮਾ ਦਾ ਨਾਮ ਸ਼ਾਮਲ ਕਰਨ ਦਾ ਪ੍ਰਸਤਾਵ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਵੱਲੋਂ ਪੇਸ਼ ਕੀਤਾ ਗਿਆ ਸੀ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਾਲੀ ਕਾਂਗਰਸ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ। ਇਸ ਦੌਰਾਨ ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਪਰਾਧੀਆਂ ਵਿਰੁੱਧ ਪੰਜਾਬ ਪੁਲੀਸ ਦੀ ਤੇਜ਼ੀ ਨਾਲ ਕਾਰਵਾਈ ਦੀ ਪ੍ਰਸ਼ੰਸਾ ਕੀਤੀ, ਤਾਂ ਬਾਜਵਾ ਨੇ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਅਜੇ ਵੀ ਕੋਈ ਸਪੱਸ਼ਟੀਕਰਨ ਨਹੀਂ ਹੈ।

ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਵੀ ਜੂਨ ਵਿੱਚ ਅਹਿਮਦਾਬਾਦ ਹਵਾਈ ਹਾਦਸੇ ਵਿੱਚ ਮਾਰੇ ਗਏ 260 ਵਿਅਕਤੀਆਂ ਨੂੰ ਸ਼ਰਧਾਂਜਲੀ ਸੰਦਰਭਾਂ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸਦਨ ਨੇ ਹਾਲ ਹੀ ਵਿੱਚ ਅਕਾਲ ਚਲਾਣਾ ਕਰ ਗਏ ਤਰਨਤਾਰਨ ਤੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ, ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਸਾਹਿਤਕਾਰ ਰਤਨ ਸਿੰਘ ਜੱਗੀ ਅਤੇ ਤਿੰਨ ਫੌਜੀਆਂ – ਨਾਇਕ ਸੁਰਿੰਦਰ ਸਿੰਘ ਅਤੇ ਲਾਂਸ ਨਾਇਕ ਬਲਜੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।

ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਕੁਝ ਕੈਬਨਿਟ ਸਹਿਯੋਗੀ ਅੱਜ ਗੈਰਹਾਜ਼ਰ ਰਹੇ, ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਵੀ ਗੈਰਹਾਜ਼ਰ ਸੀ। ਸਦਨ ਵਿੱਚ ਅੱਜ ਕਾਂਗਰਸ ਦੇ 11 ਵਿਧਾਇਕ ਮੌਜੂਦ ਸਨ।