ਸੈਕਰਾਮੈਂਟੋ, ਕੈਲੀਫੋਰਨੀਆ, 4 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸੈਨੇਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਘਰੇਲੂ ਖਰਚ ਤੇ ਟੈਕਸ ਕਟੌਤੀ ਬਿੱਲ ਨੂੰ ਪਾਸ ਕਰ ਦਿੱਤਾ ਹੈ ਜਿਸ ਤਹਿਤ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਸਿਹਤ ਬੀਮਾ ਪ੍ਰੋਗਰਾਮ ਉਪਰ ਵੱਡੀ ਪੱਧਰ ‘ਤੇ ਅਸਰ ਪਵੇਗਾ। ਬਿੱਲ ਦੇ ਹੱਕ ਤੇ ਵਿਰੋਧ ਵਿਚ ਬਰਾਬਰ 50-50 ਵੋਟਾਂ ਪਈਆਂ ਜਿਸ ਕਾਰਨ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੂੰ ਵੋਟ ਪਾਉਣ ਲਈ ਮਜਬੂਰ ਹੋਣਾ ਪਿਆ ਤੇ ਬਿੱਲ 51-50 ਦੇ ਫਰਕ ਨਾਲ ਪਾਸ ਹੋ ਗਿਆ। ਟੈਕਸ ਕਟੌਤੀ ਤੇ ਇਮੀਗ੍ਰੇਸ਼ਨ ਨੂੰ ਮਜ਼ਬੂਤ ਕਰਨ ਵਾਲੇ ਬਿੱਲ ਜਿਸ ਨੂੰ ਰਾਸ਼ਟਰਪਤੀ ‘ਬਿੱਗ ਬਿਊਟੀਫੁੱਲ ਬਿੱਲ’ ਕਹਿੰਦੇ ਹਨ, ਤਹਿਤ ਡਾਕਟਰੀ ਸਹਾਇਤਾ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਤੇ ਅੰਗਹੀਣਾਂ ਲਈ ਰਾਜ- ਸੰਘ ਸਿਹਤ ਪ੍ਰੋਗਰਾਮ ਵਿਚੋਂ ਤਕਰੀਬਨ 10 ਖਰਬ ਡਾਲਰ ਦੀ ਕਟੌਤੀ ਕੀਤੀ ਗਈ ਹੈ। ਬਿੱਲ ਤਹਿਤ ਅਗਲੇ ਦਹਾਕੇ ਦੌਰਾਨ 1.18 ਕਰੋੜ ਲੋਕਾਂ ਲਈ ਬੀਮਾ ਛੱਤਰੀ ਖਤਮ ਕਰਨ ਦਾ ਟੀਚਾ ਹੈ। ਜਾਰਜਟਾਊਨ ਯੁਨੀਵਰਸਿਟੀ ਦੇ ਸੈਂਟਰ ਫਾਰ ਚਾਇਲਡਰਨ ਐਂਡ ਫੈਮਲੀਜ਼ ਦੇ ਖੋਜ਼ ਪ੍ਰੋਫੈਸਰ , ਕਾਰਜਕਾਰੀ ਡਾਇਰੈਕਟਰ ਤੇ ਸਹਿ ਸੰਸਥਾਪਿਕ ਜੋਆਨ ਐਲਕਰ ਨੇ ਕਿਹਾ ਹੈ ਕਿ ਅਮਰੀਕਾ ਦੇ ਇਤਿਹਾਸ ਵਿਚ ਸਿਹਤ ਸੰਭਾਲ ਖੇਤਰ ਵਿਚ ਸਭ ਤੋਂ ਵੱਡੀ ਕਟੌਤੀ ਕੀਤੀ ਗਈ ਹੈ । ਬਿੱਲ ਦਾ ਵਿਰੋਧ ਕਰ ਰਹੇ ਡੈਮੋਕਰੈਟਿਕ ਆਗੂਆਂ ਅਨੁਸਾਰ ਇਸ ਬਿੱਲ ਨਾਲ ਗਰੀਬ ਲੋਕ ਹੋਰ ਗਰੀਬ ਹੋ ਜਾਣਗੇ ਤੇ ਉਨਾਂ ਲਈ ਕੋਈ ਸਹਾਰਾ ਨਹੀਂ ਬਚੇਗਾ।
ਉਟਾਹ ਵਿਚ ਰਾਧਾ ਕ੍ਰਿਸ਼ਨਾ ਮੰਦਿਰ ‘ਤੇ ਚਲਾਈਆਂ ਗੋਲੀਆਂ, ਪ੍ਰਬੰਧਕਾਂ ਨੇ ਨਫ਼ਰਤੀ ਅਪਰਾਧ ਤਹਿਤ ਮਾਮਲਾ ਦਰਜ ਕਰਨ ਦੀ ਕੀਤੀ ਮੰਗ