– ਸੁਖਬੀਰ ਬਾਦਲ ਨੂੰ ਲਿਆ ਗਿਆ ਹਿਰਾਸਤ ‘ਚ
– ਸੂਬੇ ਭਰ ‘ਚ ਪੁਲਿਸ ਨੇ ਅਕਾਲੀ ਵਰਕਰ ਕੀਤੇ ਨਜ਼ਰਬੰਦ
– ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਫੜੋ-ਫੜੀ ਮੁੱਖ ਮੰਤਰੀ ਦੀ ਬੁਖਲਾਹਟ : ਸਾਂਸਦ ਹਰਸਿਮਰਤ ਕੌਰ ਬਾਦਲ
ਅੰਮ੍ਰਿਤਸਰ, 2 ਜੁਲਾਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦਾ ਰਿਮਾਂਡ ਖਤਮ ਹੋਣ ‘ਤੇ ਵਿਜੀਲੈਂਸ ਵੱਲੋਂ ਉਨ੍ਹਾਂ ਨੂੰ ਮੁਹਾਲੀ ਅਦਾਲਤ ‘ਚ ਪੇਸ਼ ਕੀਤਾ ਗਿਆ। ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਮੌਕੇ ਮੁਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁਲਿਸ ਨੇ ਉਦੋਂ ਹਿਰਾਸਤ ‘ਚ ਲੈ ਲਿਆ, ਜਦੋਂ ਉਹ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਮੌਕੇ ਹਾਜ਼ਰ ਹੋਣ ਲਈ ਜਾ ਰਹੇ ਸਨ। ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਲਿਆ ਅਤੇ ਅੱਗੇ ਜਾਣ ਤੋਂ ਵਰਜਿਆ। ਸੁਖਬੀਰ ਬਾਦਲ ਅਤੇ ਪੁਲਿਸ ਅਧਿਕਾਰੀਆਂ ਵਿਚਾਲੇ ਕਾਫੀ ਤਕਰਾਰ ਹੋਇਆ ਅਤੇ ਉਨ੍ਹਾਂ ਨੂੰ ਸਾਥੀਆਂ ਸਮੇਤ ਪੰਜਾਬ ਪੁਲਿਸ ਵੱਲੋਂ ਹਿਰਾਸਤ ‘ਚ ਲੈ ਲਿਆ ਗਿਆ।
ਇਸੇ ਤਰ੍ਹਾਂ ਪੰਜਾਬ ਭਰ ‘ਚ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਦੇ ਮੱਦੇਨਜ਼ਰ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ‘ਚ ਲਿਆ ਗਿਆ ਕਈਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਡਿਟੇਨ ਕੀਤਾ ਗਿਆ, ਜਿਸ ਦੀ ਅਕਾਲੀ ਆਗੂਆਂ ਵੱਲੋਂ ਨਿਖੇਧੀ ਕੀਤੀ ਗਈ। ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਇਸ ਨੂੰ ਪੰਜਾਬ ‘ਚ ਅਣਐਲਾਨੀ ਐਮਰਜੈਂਸੀ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਐਕਸ ਪੋਸਟ ਰਾਹੀਂ ਕਿਹਾ, ”ਮੁੱਖ ਮੰਤਰੀ ਨੇ ਪੰਜਾਬ ‘ਚ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ। ਇਹ ਇਸ ਤਾਨਾਸ਼ਾਹ ਮੁੱਖ ਮੰਤਰੀ ਦੀ ਬੌਖਲਾਹਟ ਹੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਹੌਂਸਲੇ ਦੇਖ ਕੇ ਡਰ ਚੁੱਕਾ ਹੈ। ਬਿਕਰਮ ਮਜੀਠੀਆ ਦੀ ਮੁਹਾਲੀ ਕੋਰਟ ਵਿਚ ਪੇਸ਼ੀ ਮੌਕੇ ਸਮਰਥਨ ਕਰਨ ਲਈ ਆਏ ਪੰਜਾਬ ਭਰ ਦੇ ਅਕਾਲੀ ਵਰਕਰਾਂ ਨੂੰ ਘਰਾਂ ਅਤੇ ਰਸਤਿਆਂ ਵਿਚੋਂ ਗ੍ਰਿਫਤਾਰ ਕੀਤਾ ਗਿਆ। ਭਗਵੰਤ ਮਾਨ ਆ ਦੇਖ ਹੌਂਸਲਾ ਅਕਾਲੀ ਯੋਧੇ ਦਾ ਜੋ ਤੇਰੇ ਡਰ ਦਾ ਕਾਰਨ ਵੀ ਹੈ, ਅਕਾਲੀ ਨਾ ਕਦੇ ਪਹਿਲਾਂ ਡਰੇ ਹਨ ਤੇ ਨਾ ਡਰਨਗੇ। ਸਾਨੂੰ ਮਾਣ ਹੈ ਪਾਰਟੀ ਦੇ ਇਨ੍ਹਾਂ ਚੜ੍ਹਦੀ ਕਲਾ ਵਾਲੇ ਵਰਕਰਾਂ ‘ਤੇ ਜੋ ਇਨ੍ਹਾਂ ਰੋਕਾਂ ਦੇ ਬਾਵਜੂਦ ਵੀ ਬੁਲੰਦ ਹੌਂਸਲੇ ਨਾਲ ਲੜਾਈ ਲੜ ਰਹੇ ਹਨ।”
ਉਧਰ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਉਨ੍ਹਾਂ ਦੀ ਗ੍ਰਿਫ਼ਤਾਰੀ ਖਿਲਾਫ ਪਹਿਲਾਂ ਹੀ ਹਾਈਕੋਰਟ ਪਹੁੰਚ ਗਏ ਹਨ। ਦੱਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਰਿਮਾਂਡ ਨੂੰ ਗੈਰ ਕਾਨੂੰਨੀ ਦੱਸਿਆ ਹੈ, ਜਿਸ ਦੇ ਚੱਲਦੇ ਉਨ੍ਹਾਂ ਨੇ ਮੁਹਾਲੀ ਦੀ ਅਦਾਲਤ ਵੱਲੋਂ 26 ਜੂਨ ਨੂੰ ਦਿੱਤੇ ਰਿਮਾਂਡ ਨੂੰ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ। ਰਿਪੋਰਟਾਂ ਮੁਤਾਬਕ, ਮਜੀਠੀਆ ਨੇ ਐੱਫ.ਆਈ.ਆਰ. ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਇਹ ਵੀ ਕਿਹਾ ਕਿ ਮਾਨ ਸਰਕਾਰ ਦੀ ਮੰਸ਼ਾ ਹੈ ਕਿ ਉਹ ਆਲੋਚਨਾ ਕਰਨ ਵਾਲੇ ਨੂੰ ਪ੍ਰੇਸ਼ਾਨ ਕਰਨ।
ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸੁਣਵਾਈ 3 ਜੁਲਾਈ ਨੂੰ ਹੋਵੇਗੀ।
ਇਸ ਤੋਂ ਪਹਿਲਾਂ ਵਿਜੀਲੈਂਸ ਹਲਕਾ ਮਜੀਠਾ ਵਿਖੇ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਪਹੁੰਚੀ। ਅਕਾਲੀ ਆਗੂ ਨੂੰ ਭਾਰੀ ਪੁਲਿਸ ਸੁਰੱਖਿਆ ਵਿਚਾਲੇ ਮਜੀਠਾ ਸਥਿਤ ਉਨ੍ਹਾਂ ਦੇ ਦਫਤਰ ਲਿਆਂਦਾ ਗਿਆ, ਜਿੱਥੇ ਮੁੜ ਤੋਂ ਦਫਤਰ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਵਿਧਾਇਕ ਗਨੀਵ ਕੌਰ ਮਜੀਠੀਆ ਨਾਲ ਪੁਲਿਸ ਅਫਸਰਾਂ ਦੀ ਬਹਿਸ ਵੀ ਹੋਈ।
ਦੱਸ ਦੇਈਏ ਕਿ ਵਿਜੀਲੈਂਸ ਵੱਲੋਂ ਮਜੀਠੀਆ ਤੋਂ ਲਗਾਤਾਰ ਆਮਦਨ ਤੋਂ ਵੱਧ ਮਾਮਲੇ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਸਬੂਤ ਜੁਟਾਉਣ ਲਈ ਵੱਖ-ਵੱਖ ਥਾਂਵਾਂ ‘ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਇਸ ਤਹਿਤ ਹੀ ਬੀਤੇ ਦਿਨੀਂ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਇਸ ਕੇਸ ਦੇ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਵਿਚ ਵੀ ਲਿਜਾਇਆ ਗਿਆ ਸੀ।
ਬਿਕਰਮ ਸਿੰਘ ਮਜੀਠੀਆ ਮੁਹਾਲੀ ਅਦਾਲਤ ‘ਚ ਪੇਸ਼
