#CANADA

ਕੈਨੇਡਾ ਦੇ ਪੰਜਾਬੀ ਮੀਡੀਆ ਸ਼ਖਸੀਅਤ ਡਾਕਟਰ ਬਲਜਿੰਦਰ ਸਿੰਘ ਸੇਖੋਂ ਦਾ ਦਿਹਾਂਤ

ਟੋਰਾਂਟੋ, 2 ਜੁਲਾਈ (ਬਲਜਿੰਦਰ ਸੇਖਾ/ਪੰਜਾਬ ਮੇਲ)- ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਡਾ. ਬਲਜਿੰਦਰ ਸੇਖੋਂ ਸਾਡੇ ਵਿਚਕਾਰ ਨਹੀਂ ਰਹੇ। ਬਲਵਿੰਦਰ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡਾ ਨਿਵਾਸੀ ਡਾਕਟਰ ਸੇਖੋਂ ਦਾ ਦਿਹਾਂਤ ਪੰਜਾਬ ਦੇ ਸ਼ਹਿਰ ਬਠਿੰਡਾ ਵਿਖੇ ਹੋਇਆ। ਡਾਕਟਰ ਸੇਖੋਂ ਇੱਕ ਸੁਲਝੇ ਬੁੱਧੀਜੀਵੀ ਤੇ ਰੋਸ਼ਨਾਲਿਸਟ ਲਹਿਰ ਲਈ ਸਮਰਪਿਤ ਸ਼ਖਸੀਅਤ ਸਨ। ਉਹ ਕੀਟ ਵਿਗਿਆਨ ਦੇ ਪ੍ਰੋਫੈਸਰ ਸਨ। ਉਨ੍ਹਾਂ ਖੇਤੀ ਯੂਨੀਵਰਸਿਟੀ ਲੁਧਿਆਣਾ ਅਤੇ ਬਠਿੰਡਾ ਵਿਖੇ ਪੜ੍ਹਾਇਆ। ਉਹ ਕੁਝ ਸਾਲਾਂ ਤੋਂ ਕੈਨੇਡਾ ਰਹਿ ਰਹੇ ਸਨ। ਇੱਥੋਂ ਦੀਆਂ ਸਮਾਜਿਕ ਸੰਸਥਾਵਾਂ ਵਿਚ ਬਹੁਤ ਸਰਗਰਮੀ ਨਾਲ ਵਿਚਰ ਰਹੇ ਸਨ। ਕੈਨੇਡਾ ਵਿਚ ਤਰਕਸ਼ੀਲ ਸੁਸਾਇਟੀ ਦੀ ਮਜ਼ਬੂਤੀ ਲਈ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ। ਉਹ ਇੰਡੀਆ ਗਏ ਹੋਏ ਸਨ, ਜਿੱਥੇ ਉਨ੍ਹਾਂ ਦੇ ਡਿੱਗਣ ਕਾਰਨ ਚੂਲਾ ਟੁੱਟ ਗਿਆ ਸੀ, ਜੋ ਕਾਫ਼ੀ ਠੀਕ ਹੋ ਗਿਆ ਸੀ। ਇੱਕ ਸੁਲਝੀ ਸ਼ਖਸੀਅਤ ਦੇ ਜਾਣ ਦਾ ਪੰਜਾਬੀ ਭਾਈਚਾਰੇ ‘ਚ ਗਹਿਰਾ ਦੁੱਖ ਹੈ। ਉਨ੍ਹਾਂ ਦੇ ਚਲੇ ਜਾਣ ਨਾਲ ਤਰਕਸ਼ੀਲ ਸੁਸਾਇਟੀ ਕੈਨੇਡਾ ਲਈ ਇਹ ਨਾ ਪੂਰਾ ਹੋਣ ਵਾਲ਼ਾ ਘਾਟਾ ਹੈ।