#world

ਇਰਾਨ ਕੋਲ ਅਮਰੀਕੀ ਹਮਲਿਆਂ ਦਾ ਜਵਾਬ ਦੇਣ ਲਈ ਸਾਰੇ ਬਦਲ ਮੌਜੂਦ: ਇਰਾਨੀ ਵਿਦੇਸ਼ ਮੰਤਰੀ

ਦੁਬਈ, 22 ਜੂਨ (ਪੰਜਾਬ ਮੇਲ)- ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਅੱਜ ਕਿਹਾ ਕਿ ਅਮਰੀਕਾ ਨੇ ਪ੍ਰਮਾਣੂ ਟਿਕਾਣਿਆਂ ’ਤੇ ਹਮਲੇ ਕਰਕੇ ਇਰਾਨ ਖਿਲਾਫ਼ ਖਤਰਨਾਕ ਜੰਗ ਛੇੜ ਦਿੱਤੀ ਹੈ। ਅਰਾਗਚੀ ਨੇ ਕਿਹਾ ਕਿ ਤਹਿਰਾਨ ਕੋਲ ਅਮਰੀਕੀ ਹਮਲਿਆਂ ਦਾ ਜਵਾਬ ਦੇਣ ਲਈ ਸਾਰੇ ‘ਬਦਲ’ ਸੁਰੱਖਿਅਤ ਹਨ।

ਮੰਤਰਾਲੇ ਨੇ ਐਤਵਾਰ ਸਵੇਰ ਨੂੰ ਜਾਰੀ ਇਕ ਪੋਸਟ ਵਿਚ ਕਿਹਾ, ‘‘ਕੁੱਲ ਆਲਮ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉੁਹ ਅਮਰੀਕਾ ਹੈ, ਜਿਸ ਨੇ ਚੱਲ ਰਹੀ ਕੂਟਨੀਤਕ ਪ੍ਰਕਿਰਿਆ ਦੌਰਾਨ ਨਸਲਕੁਸ਼ੀ ਅਤੇ ਕਾਨੂੰਨਹੀਣ ਇਜ਼ਰਾਇਲੀ ਨਿਜ਼ਾਮ ਦੀਆਂ ਹਮਲਾਵਰ ਕਾਰਵਾਈਆਂ ਦੀ ਹਮਾਇਤ ਕਰਕੇ ਕੂਟਨੀਤੀ ਨਾਲ ਧੋਖਾ ਕੀਤਾ।’’ ਉਨ੍ਹਾਂ ਕਿਹਾ, ‘‘ਹੁਣ ਯਹੂਦੀ ਨਿਜ਼ਾਮ ਵੱਲੋਂ ਕੀਤੀਆਂ ਵਧੀਕੀਆਂ ਅਤੇ ਅਪਰਾਧਾਂ ਦੀ ਲੜੀ ਨੂੰ ਪੂਰਾ ਕਰਕੇ, ਅਮਰੀਕਾ ਨੇ ਖੁਦ ਇਰਾਨ ਵਿਰੁੱਧ ਇੱਕ ਖਤਰਨਾਕ ਜੰਗ ਛੇੜ ਦਿੱਤੀ ਹੈ।’’ ਵਿਦੇਸ਼ ਮੰਤਰੀ ਨੇ ਕਿਹਾ, ‘‘ਇਰਾਨ ਦਾ ਇਸਲਾਮਿਕ ਗਣਰਾਜ ਅਮਰੀਕੀ ਫੌਜੀ ਹਮਲੇ ਅਤੇ ਜ਼ਾਲਮ ਨਿਜ਼ਾਮ ਵੱਲੋਂ ਕੀਤੇ ਗਏ ਅਪਰਾਧਾਂ ਦਾ ਪੂਰੀ ਤਾਕਤ ਨਾਲ ਜਵਾਬ ਦੇਣ ਦਾ ਅਧਿਕਾਰ ਰੱਖਦਾ ਹੈ ਤੇ ਉਸ ਕੋਲ ਸਾਰੇ ਬਦਲ ਮੌਜੂਦ ਹਨ।’