#CANADA

ਪੀਲ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਦੋਸ਼ ਹੇਠ 6 ਪੰਜਾਬੀਆਂ ਸਣੇ 9 ਗ੍ਰਿਫਤਾਰ

– ਮੁਲਜ਼ਮਾਂ ਕੋਲੋਂ 500 ਕਿਲੋ ਕੋਕੀਨ ਬਰਾਮਦ
– ਅਮਰੀਕਾ ਤੋਂ ਟਰੱਕਾਂ-ਟਰਾਲਿਆਂ ਰਾਹੀਂ ਲਿਆਂਦਾ ਜਾ ਰਿਹਾ ਸੀ ਨਸ਼ਾ
ਵੈਨਕੂਵਰ, 11 ਜੂਨ (ਪੰਜਾਬ ਮੇਲ)- ਪੀਲ ਪੁਲਿਸ ਨੇ 500 ਕਿਲੋ ਕੋਕੀਨ ਸਮੇਤ ਛੇ ਪੰਜਾਬੀਆਂ ਨਾਲ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬੀ ਨੌਜਵਾਨ ਬਰੈਂਪਟਨ, ਕੈਲੇਡਨ ਤੇ ਕੈਂਬ੍ਰਿਜ ਦੇ ਵਾਸੀ ਹਨ। ਬਰਾਮਦ ਕੀਤੇ ਨਸ਼ੇ ਦੀ ਬਾਜ਼ਾਰੀ ਕੀਮਤ 5 ਕਰੋੜ ਡਾਲਰ (300 ਕਰੋੜ ਰੁਪਏ) ਹੈ। ਪੀਲ ਪੁਲਿਸ ਨੇ ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ (ਸੀ.ਬੀ.ਐੱਸ.ਏ.) ਅਤੇ ਅਮਰੀਕਾ ਦੇ ਘਰੇਲੂ ਸੁਰੱਖਿਆ ਤੇ ਕਸਟਮ ਵਿਭਾਗ ਦੇ ਸਹਿਯੋਗ ਨਾਲ ਇਹ ਕਾਰਵਾਈ ਕੀਤੀ ਹੈ।
ਜਾਣਕਾਰੀ ਅਨੁਸਾਰ ਇਸ ‘ਚੋਂ ਕੁੱਝ ਨਸ਼ਾ ਟਰੱਕਾਂ ‘ਚ ਬਣਵਾਏ ਗੁਪਤ ਖਾਨਿਆਂ ‘ਚ ਰੱਖਿਆ ਗਿਆ ਸੀ ਤੇ ਕੁਝ ਟੋਰਾਂਟੋ ਵਿਚਲੇ ਤਸਕਰਾਂ ਦੇ ਟਿਕਾਣਿਆਂ ਤੋਂ ਬਰਾਮਦ ਕੀਤਾ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਮਿਸੀਸਾਗਾ ਨਿਵਾਸੀ ਹਾਓ ਟਾਮੀ ਹੁਇਨ (27), ਟੋਰਾਂਟੋ ਨਿਵਾਸੀ ਸਜਗਿਥ ਯੋਗੇਂਦਰਰਾਜਾ (31), ਬਰੈਂਪਟਨ ਨਿਵਾਸੀ ਮਨਪ੍ਰੀਤ ਸਿੰਘ (44) ਤੇ ਅਰਵਿੰਦਰ ਪੋਵਾਰ (29), ਕੈਲੇਡਨ ਨਿਵਾਸੀ ਕਰਮਜੀਤ ਸਿੰਘ (36), ਸਰਤਾਜ ਸਿੰਘ (27) ਤੇ ਗੁਰਤੇਜ ਸਿੰਘ (36), ਹੈਮਿਲਟਨ ਨਿਵਾਸੀ ਫਿਲਿਪ ਟੈਪ (39) ਅਤੇ ਜਾਰਜਟਾਊਨ ਨਿਵਾਸੀ ਸ਼ਿਵ ਓਂਕਾਰ ਸਿੰਘ (31) ਸ਼ਾਮਲ ਹਨ।
ਮੁਲਜ਼ਮਾਂ ਕੋਲੋਂ ਦੋ ਬੰਦੂਕਾਂ ਵੀ ਬਰਾਮਦ ਹੋਈਆਂ ਹਨ। ਸਾਰਿਆਂ ਖ਼ਿਲਾਫ਼ 35 ਵੱਖ-ਵੱਖ ਅਪਰਾਧਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਅਮਰੀਕਾ ਤੋਂ ਅੰਬੈਸਡਰ ਪੁਲ ਰਸਤੇ ਕੈਨੇਡਾ ਆਏ ਟਰੱਕ-ਟਰਾਲੇ ਦੀ ਤਲਾਸ਼ੀ ਦੌਰਾਨ ਉਸ ਵਿਚ ਬਣਾਏ ਵਿਸ਼ੇਸ਼ ਖਾਨਿਆਂ ‘ਚ ਲੁਕੋਈ 127 ਕਿਲੋ ਕੋਕੀਨ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਪੁਆਇੰਟ ਐਡਵਰਡ ਸ਼ਹਿਰ ਨੇੜਲੇ ਬਲੂਵਾਟਰ ਬ੍ਰਿਜ ਰਸਤੇ ਆਏ ਟਰਾਲੇ ‘ਚੋਂ 50 ਕਿਲੋ ਕੋਕੀਨ ਬਰਾਮਦ ਹੋਈ। ਇਸ ਤੋਂ ਇਲਾਵਾ ਟਰੱਕਾਂ ਰਾਹੀਂ ਆਉਂਦੇ ਸਾਮਾਨ ਵਾਲੇ ਕੁਝ ਗੁਦਾਮਾਂ ਦੀ ਤਲਾਸ਼ੀ ਦੌਰਾਨ 302 ਕਿਲੋ ਨਸ਼ਾ ਫੜਿਆ ਗਿਆ ਹੈ। ਓਨਟਾਰੀਓ ਦੇ ਸੌਲੀਸਿਟਰ ਜਨਰਲ ਮਾਈਕਲ ਐੱਸ. ਕੇਰਜ਼ਨਰ ਨੇ ਇਸ ਵੱਡੀ ਪ੍ਰਾਪਤੀ ਲਈ ਪੀਲ ਪੁਲਿਸ ਦੀ ਪਿੱਠ ਥਾਪੜੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਛੇਤੀ ਹੀ ਨਸ਼ਿਆਂ ‘ਤੇ ਕਾਬੂ ਪਾ ਲਿਆ ਜਾਏਗਾ।