#AMERICA

ਟਰੰਪ ਦਾ ਮਸਕ ਨਾਲ ਸੰਬੰਧ ਸੁਧਾਰਨ ਦਾ ਕੋਈ ਇਰਾਦਾ ਨਹੀਂ!

ਵਾਸ਼ਿੰਗਟਨ, 9 ਜੂਨ (ਪੰਜਾਬ ਮੇਲ)- ਐਲੋਨ ਮਸਕ ਨਾਲ ਟਕਰਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿੱਛੇ ਹਟਦੇ ਨਜ਼ਰ ਨਹੀਂ ਆ ਰਹੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਮਸਕ ਨਾਲ ਸਬੰਧ ਸੁਧਾਰਨ ਦੀ ਕੋਈ ਇੱਛਾ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਸਕ ਆਉਣ ਵਾਲੀਆਂ ਚੋਣਾਂ ਵਿਚ ਡੈਮੋਕ੍ਰੇਟਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਨੂੰ ‘ਗੰਭੀਰ ਨਤੀਜੇ’ ਭੁਗਤਣੇ ਪੈ ਸਕਦੇ ਹਨ।
ਟਰੰਪ ਨੇ ਇਕ ਇੰਟਰਵਿਊ ‘ਚ ਕਿਹਾ ਕਿ ਉਨ੍ਹਾਂ ਦਾ ਮਸਕ ਨਾਲ ਆਪਣੇ ਰਿਸ਼ਤੇ ਸੁਧਾਰਨ ਦਾ ਕੋਈ ਇਰਾਦਾ ਨਹੀਂ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਟੈਸਲਾ ਅਤੇ ਸਪੇਸਐਕਸ ਦੇ ਮੁੱਖ ਕਾਰਜਕਾਰੀ ਨਾਲ ਉਨ੍ਹਾਂ ਦਾ ਰਿਸ਼ਤਾ ਖਤਮ ਹੋ ਗਿਆ ਹੈ, ਤਾਂ ਟਰੰਪ ਨੇ ਜਵਾਬ ਦਿੱਤਾ, ‘ਹਾਂ ਮੈਨੂੰ ਅਜਿਹਾ ਹੀ ਲੱਗਦਾ ਹੈ।’ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਹੋਰ ਕੰਮਾਂ ਵਿਚ ਬਹੁਤ ਰੁੱਝਿਆ ਹੋਇਆ ਹਾਂ। ਤੁਸੀਂ ਜਾਣਦੇ ਹੋ ਕਿ ਮੈਂ ਚੋਣ ਬਹੁਤ ਵੱਡੇ ਫਰਕ ਨਾਲ ਜਿੱਤੀ ਹੈ। ਮੈਂ ਉਨ੍ਹਾਂ ਨੂੰ ਬਹੁਤ ਮੌਕੇ ਦਿੱਤੇ, ਅਜਿਹਾ ਹੋਣ ਤੋਂ ਬਹੁਤ ਪਹਿਲਾਂ ਮੈਂ ਉਨ੍ਹਾਂ ਨੂੰ ਆਪਣੇ ਪਹਿਲੇ ਪ੍ਰਸ਼ਾਸਨ ਵਿਚ ਮੌਕੇ ਦਿੱਤੇ ਸਨ। ਮੈਂ ਆਪਣੇ ਪਹਿਲੇ ਪ੍ਰਸ਼ਾਸਨ ਵਿਚ ਉਨ੍ਹਾਂ ਦੀ ਜਾਨ ਬਚਾਈ ਸੀ। ਮੇਰਾ ਉਨ੍ਹਾਂ ਨਾਲ ਗੱਲ ਕਰਨ ਦਾ ਕੋਈ ਇਰਾਦਾ ਨਹੀਂ ਹੈ।’
ਇਸ ਤੋਂ ਪਹਿਲਾਂ ਟਰੰਪ ਅਤੇ ਮਸਕ ਵਿਚਕਾਰ ਵਧਦੀ ਲੜਾਈ ਠੰਢੀ ਹੁੰਦੀ ਜਾਪ ਰਹੀ ਸੀ। ਵੀਰਵਾਰ ਨੂੰ ਮਸਕ ਨੇ ਟਰੰਪ ‘ਤੇ ਨਿੱਜੀ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਡੋਨਾਲਡ ਟਰੰਪ ਦਾ ਨਾਂ ਐਪਸਟੀਨ ਫਾਈਲਾਂ ਵਿਚ ਸੀ ਅਤੇ ਇਸੇ ਕਰਕੇ ਫਾਈਲਾਂ ਨੂੰ ਕਦੇ ਜਨਤਕ ਨਹੀਂ ਕੀਤਾ ਗਿਆ। ਮਸਕ ਨੇ ਟਰੰਪ ਦੇ ਮਹਾਂਦੋਸ਼ ਦਾ ਸਮਰਥਨ ਕਰਦੇ ਹੋਏ ਐਕਸ ‘ਤੇ ਇੱਕ ਪੋਸਟ ਪਾਈ, ਜਿਸਨੂੰ ਉਸਨੇ ਬਾਅਦ ਵਿਚ ਮਿਟਾ ਦਿੱਤਾ। ਟਰੰਪ ਅਤੇ ਮਸਕ ਵਿਚਕਾਰ ਟਕਰਾਅ ਉਦੋਂ ਜਨਤਕ ਹੋ ਗਿਆ, ਜਦੋਂ ਮਸਕ ਨੇ ਟਰੰਪ ਦੇ ‘ਵਨ ਬਿਗ ਬਿਊਟੀਫੁੱਲ ਬਿੱਲ’ ਨੂੰ ਐਕਸ ‘ਤੇ ਘਿਣਾਉਣਾ ਬਿੱਲ ਕਿਹਾ ਅਤੇ ਚੇਤਾਵਨੀ ਦਿੱਤੀ ਕਿ ਟਰੰਪ ਦੀ ਟੈਰਿਫ ਨੀਤੀ ਅਮਰੀਕਾ ਨੂੰ ਮੰਦੀ ਵੱਲ ਧੱਕ ਸਕਦੀ ਹੈ।