#PUNJAB

ਪੰਜਾਬ ਸਰਕਾਰ ਵੱਲੋਂ ਸ਼ਤਾਬਦੀਆਂ ਸਬੰਧੀ ਇਸ਼ਤਿਹਾਰ ‘ਚ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਛੇੜਛਾੜ ਸਿੱਖ ਭਾਵਨਾਵਾਂ ਨਾਲ ਖਿਲਵਾੜ : ਐਡਵੋਕੇਟ ਧਾਮੀ

ਅੰਮ੍ਰਿਤਸਰ, 24 ਮਈ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਵੱਲੋਂ ਸ਼ਤਾਬਦੀਆਂ ਬਾਰੇ ਸੁਝਾਅ ਲੈਣ ਲਈ ਜਾਰੀ ਕੀਤੇ ਗਏ ਇਸ਼ਤਿਹਾਰ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਰਤੀ ਗਈ ਤਸਵੀਰ ਨੂੰ ਕੰਪਿਊਟਰ ਤਕਨੀਕ ਨਾਲ ਵਿਗਾੜਨ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਦੀ ਇਹ ਹਰਕਤ ਸਿੱਖ ਭਾਵਨਾਵਾਂ ਨਾਲ ਵੱਡਾ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਨਾਲ ਸਬੰਧਤ ਕੋਈ ਵੀ ਤਸਵੀਰ ਛਾਪਣ ਤੋਂ ਪਹਿਲਾਂ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਸੀ। ਐਡਵੋਕੇਟ ਧਾਮੀ ਨੇ ਆਖਿਆ ਕਿ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਅਤੇ ਵਿਸ਼ਵ ਭਰ ਦੇ ਸਿੱਖ ਆਪਣੇ ਮਨਾਂ ਅੰਦਰ ਇਸ ਪਾਵਨ ਅਸਥਾਨ ਦੇ ਸਰੂਪ ਨੂੰ ਵਸਾ ਕੇ ਰੱਖਦੇ ਹਨ। ਇਸ ਦੀ ਏ.ਆਈ. ਤਕਨੀਕ ਨਾਲ ਬਣਾਈ ਗਈ ਗਲਤ ਤਸਵੀਰ ਵਿਚ ਨਾ ਸਿਰਫ਼ ਸਿੱਖਾਂ ਦੀ ਸ਼ਰਧਾ ਅਤੇ ਆਸਥਾ ਨਾਲ ਹੀ ਖਿਲਵਾੜ ਕੀਤਾ ਗਿਆ ਹੈ, ਬਲਕਿ ਸਿੱਖਾਂ ਦੀ ਆਤਮਾ ਵਿਚ ਵੱਸੇ ਸ੍ਰੀ ਦਰਬਾਰ ਸਾਹਿਬ ਦੀ ਰੂਹਾਨੀ ਆਭਾ ਨੂੰ ਵੀ ਖੰਡਤ ਕਰਨ ਦੀ ਕੋਝੀ ਹਰਕਤ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਦੇ ਇਸ ਜੀਵਨ ਦੇਣ ਵਾਲੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਇੰਟਰਨੈੱਟ ਉੱਤੇ ਸੈਂਕੜੇ ਤਸਵੀਰਾਂ ਮਿਲਣ ਦੇ ਬਾਵਜੂਦ ਵੀ ਕੰਪਿਊਟਰ ਦੁਆਰਾ ਛੇੜਛਾੜ ਕਰਕੇ ਇਸ ਨੂੰ ਵਿਗਾੜਨ ਦੀ ਹਰਕਤ ਬੇਹੱਦ ਦੁਖਦਾਈ ਹੈ, ਜਿਸ ਬਾਰੇ ਸਰਕਾਰ ਸਪੱਸ਼ਟ ਕਰੇ ਅਤੇ ਤੁਰੰਤ ਮੁਆਫ਼ੀ ਮੰਗੇ।
ਐਡਵੋਕੇਟ ਧਾਮੀ ਨੇ ਆਖਿਆ ਕਿ ਸ਼ਤਾਬਦੀਆਂ ਦੇ ਸਮਾਗਮ ਮਨਾਉਣੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੀ ਹੀ ਜ਼ਿੰਮੇਵਾਰੀ ਹੈ, ਜਦਕਿ ਸਰਕਾਰ ਦਾ ਫ਼ਰਜ਼ ਗੁਰੂ ਸਾਹਿਬ ਨਾਲ ਸਬੰਧਤ ਸ਼ਹਿਰਾਂ ਦੇ ਵਿਕਾਸ ਕਾਰਜ ਕਰਨੇ, ਸੜਕੀ ਢਾਂਚਾ ਵਿਕਸਤ ਕਰਨਾ ਅਤੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨਾਲ ਵਿਚਾਰ-ਵਟਾਂਦਰਾ ਕਰਕੇ ਢੁੱਕਵੀਆਂ ਯਾਦਗਾਰਾਂ ਸਥਾਪਤ ਕਰਨਾ ਹੈ।