#INDIA

ਟਰੰਪ ਦੀ ਸਲਾਹ ਦੇ ਬਾਵਜੂਦ ਐਪਲ ਵੱਲੋਂ ਭਾਰਤ ‘ਚ ਨਿਵੇਸ਼ ਯੋਜਨਾਵਾਂ ਜਾਰੀ ਰੱਖਣ ਦਾ ਫੈਸਲਾ

ਨਵੀਂ ਦਿੱਲੀ, 16 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਪਲ ਦੇ ਸੀ.ਈ.ਓ. ਟਿਮ ਕੁੱਕ ਨੂੰ ਭਾਰਤ ਵਿਚ ‘ਐਪਲ’ ਨਿਰਮਾਣ ਘਟਾਉਣ ਦੀ ਸਲਾਹ ਦਿੱਤੀ ਸੀ। ਟਰੰਪ ਨੇ ਕਿਹਾ ਸੀ ਕਿ ਐਪਲ ਭਾਰਤ ‘ਚ ਨਿਰਮਾਣ ਨਾ ਕਰੇ, ਸਗੋਂ ‘ਮੇਕ ਇਨ ਅਮੈਰਿਕਾ’ ਤਹਿਤ ਅਮਰੀਕਾ ‘ਚ ਹੀ ਫ਼ੋਨ ਬਣਾਵੇ।
ਟਰੰਪ ਦੀ ਇਸ ਸਲਾਹ ਦੇ ਬਾਵਜੂਦ ਐਪਲ ਕੰਪਨੀ ਨੇ ਭਾਰਤ ਵਿਚ ਆਪਣੀਆਂ ਨਿਵੇਸ਼ ਯੋਜਨਾਵਾਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਐਪਲ ਨੇ ਭਾਰਤ ਸਰਕਾਰ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਭਾਰਤ ਨੂੰ ਆਪਣੇ ਪ੍ਰੋਡਕਟਸ ਲਈ ਇਕ ਮੇਨ ਪ੍ਰੋਡਕਸ਼ਨ ਹੱਬ ਬਣਾਉਣ ਦੀ ਯੋਜਨਾ ‘ਤੇ ਕਾਇਮ ਹੈ।
ਜ਼ਿਕਰਯੋਗ ਹੈ ਕਿ ਟਰੰਪ ਨੇ ਐਪਲ ਦੇ ਸੀ.ਈ.ਓ. ਟਿਮ ਕੁਕ ਨੂੰ ਭਾਰਤ ਵਿਚ ਨਿਰਮਾਣ ਨਾ ਕਰਨ ਦੀ ਸਲਾਹ ਦਿੱਤੀ ਸੀ, ਕਿਉਂਕਿ ਉਨ੍ਹਾਂ ਦੇ ਅਨੁਸਾਰ ਭਾਰਤ ਜ਼ਿਆਦਾ ਟੈਰਿਫ਼ ਵਾਲਾ ਦੇਸ਼ ਹੈ ਅਤੇ ਐਪਲ ਨੂੰ ਅਮਰੀਕਾ ਵਿਚ ਨਿਰਮਾਣ ‘ਤੇ ਧਿਆਨ ਦੇਣਾ ਚਾਹੀਦਾ ਹੈ।
ਭਾਰਤ ‘ਚ ਐਪਲ ਦੀ ਨਿਰਮਾਣ ਯੋਜਨਾ ਵਿਚ ਤਮਿਲਨਾਡੂ ਵਿਚ ਫੌਕਸਕਾਨ, ਪੈਗਾਟਰਾਨ ਅਤੇ ਟਾਟਾ ਇਲੈਕਟ੍ਰੋਨਿਕਸ ਵਰਗੀਆਂ ਕੰਪਨੀਆਂ ਸ਼ਾਮਿਲ ਹਨ, ਜੋ ਕਿ ਭਾਰਤ ਵਿਚ ਬਣ ਰਹੇ ਆਈਫੋਨਾਂ ਦਾ 70-80 ਫ਼ੀਸਦੀ ਹਿੱਸੇ ਦਾ ਨਿਰਮਾਣ ਕਰ ਰਹੀਆਂ ਹਨ।
ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਐਪਲ ਵਰਗੀਆਂ ਕੰਪਨੀਆਂ ਲਈ ਭਾਰਤ ਵਿਚ ਨਿਰਮਾਣ ਕਰਨਾ ਫ਼ਾਇਦੇਮੰਦ ਹੈ ਅਤੇ ਉਨ੍ਹਾਂ ਦੀਆਂ ਨਿਵੇਸ਼ ਯੋਜਨਾਵਾਂ ਉਨ੍ਹਾਂ ਦੀ ਮੁਕਾਬਲੇਦਾਰੀ ਅਤੇ ਲਾਗਤ ‘ਤੇ ਆਧਾਰਤ ਹੋਣਗੀਆਂ। ਇਸ ਤਰ੍ਹਾਂ ਐਪਲ ਨੇ ਭਾਰਤ ਵਿਚ ਆਪਣੇ ਨਿਵੇਸ਼ ਅਤੇ ਨਿਰਮਾਣ ਯੋਜਨਾਵਾਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ, ਜੋ ਕਿ ਭਾਰਤ ਨੂੰ ਇੱਕ ਮਹੱਤਵਪੂਰਨ ਨਿਰਮਾਣ ਕੇਂਦਰ ਬਣਾਉਣ ਵੱਲ ਇਕ ਹੋਰ ਕਦਮ ਹੈ।