#AMERICA

ਪੈਨਸਿਲਵੇਨੀਆ ਦੇ ਗਵਰਨਰ ਦੇ ਘਰ ਨੂੰ ਅੱਗ ਲਾਉਣ ਦੇ ਮਾਮਲੇ ‘ਚ ਸ਼ੱਕੀ ਨੂੰ ਜ਼ਮਾਨਤ ਦੇਣ ਤੋਂ ਨਾਂਹ

ਸੈਕਰਾਮੈਂਟੋ, 18 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪੈਨਸਿਲਵੇਨੀਆ ਦੇ ਗਵਰਨਰ ਜੋਸ਼ ਸ਼ਾਪੀਰੋ ਦੇ ਰਾਜਧਾਨੀ ਹੈਰਿਸਬਰਗ ਸਥਿਤ ਘਰ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਸ਼ੱਕੀ ਦੋਸ਼ੀ ਕੋਡੀ ਬਲੇਮਰ ਨੂੰ ਅਦਾਲਤ ਨੇ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਸੁਣਵਾਈ ਉਪਰੰਤ ਮੈਜਿਸਟ੍ਰੇਟ ਡਿਸਟ੍ਰਿਕਟ ਜੱਜ ਡੇਲ ਕਲੀਨ ਨੇ ਕਿਹਾ ਕਿ ਕੋਡੀ ਬਲੇਮਰ ਫਿਲਹਾਲ ਜੇਲ ਵਿਚ ਹੀ ਰਹੇਗਾ ਕਿਉਂਕਿ ਹੈਰਿਸਬਰਗ ਭਾਈਚਾਰੇ ਦੀ ਸੁਰੱਖਿਆ ਲਈ ਅਜਿਹਾ ਕਰਨਾ ਜ਼ਰੂਰੀ ਹੈ। ਬਲੇਮਰ ਵਿਰੁੱਧ ਅਗਜ਼ਨੀ ਤੇ ਹੱਤਿਆ ਦੀ ਕੋਸ਼ਿਸ਼ ਸਮੇਤ 38 ਦੋਸ਼ ਲਾਏ ਗਏ ਹਨ। ਪੁਲਿਸ ਅਨੁਸਾਰ ਬਲੇਮਰ ਨੇ ਤੜਕਸਾਰ ਵਾੜ ਟੱਪ ਕੇ ਘਰ ਵਿਚ ਦਾਖਲ ਹੋ ਕੇ ਅੱਗ ਲਾਈ। ਬਲੇਮਰ ਦੇ ਵਕੀਲ ਕੋਲਟਨ ਵਾਈਟਨਰ ਨੇ ਦੋਸ਼ਾਂ ਬਾਰੇ ਕੁਝ ਕਹਿਣ ਤੋਂ ਨਾਂਹ ਕਰ ਦਿੱਤੀ ਹੈ। ਬਲੇਮਰ ਮਾਮਲੇ ‘ਤੇ ਮੁੱਢਲੀ ਸੁਣਵਾਈ 23 ਅਪ੍ਰੈਲ ਨੂੰ ਹੋਵੇਗੀ।