ਵਾਸ਼ਿੰਗਟਨ ਡੀ.ਸੀ., 12 ਮਾਰਚ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਨੇ ਇਕ ਨਵਾਂ ਐਪ ਜਾਰੀ ਕੀਤਾ ਹੈ, ਜੋ ਸੰਯੁਕਤ ਰਾਜ ਅਮਰੀਕਾ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸੰਭਾਵਿਤ ਗ੍ਰਿਫ਼ਤਾਰੀ ਅਤੇ ਨਜ਼ਰਬੰਦੀ ਦਾ ਸਾਹਮਣਾ ਕਰਨ ਦੀ ਬਜਾਏ ਸਵੈ-ਡਿਪੋਰਟ ਕਰਨ ਦੀ ਇਜਾਜ਼ਤ ਦੇਵੇਗਾ। ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਐਪ, ਜਿਸ ਨੂੰ ਸੀ.ਬੀ.ਪੀ. ਹੋਮ ਕਿਹਾ ਜਾਂਦਾ ਹੈ, ਰਾਹੀਂ ਗੈਰ ਕਾਨੂੰਨੀ ਤੌਰ ‘ਤੇ ਰਹਿ ਰਹੇ ਪ੍ਰਵਾਸੀ ਖੁਦ ਅਮਰੀਕਾ ਨੂੰ ਛੱਡ ਸਕਣਗੇ। ਹੋਮਲੈਂਡ ਸਕਿਓਰਿਟੀ ਦੀ ਸਟੇਟ ਸੈਕਰੇਟਰੀ ਕ੍ਰਿਸਟੀ ਨੋਏਮ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸੀ.ਬੀ.ਪੀ. ਹੋਮ ਐਪ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੋਵੇਗਾ, ਜੋ ਆਪਣੀ ਮਰਜ਼ੀ ਨਾਲ ਅਮਰੀਕਾ ਤੋਂ ਜਾਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਇਸ ਨਿਰਦੇਸ਼ ਨੂੰ ਨਾ ਮੰਨਿਆ ਗਿਆ, ਤਾਂ ਅਸੀਂ ਜ਼ਬਰਦਸਤੀ ਇਥੇ ਆਏ ਗੈਰ ਕਾਨੂੰਨੀ ਲੋਕਾਂ ਨੂੰ ਬਾਹਰ ਦਾ ਰਾਹ ਦਿਖਾਵਾਂਗੇ ਅਤੇ ਉਹ ਫਿਰ ਕਦੇ ਵੀ ਵਾਪਸ ਅਮਰੀਕਾ ਨਹੀਂ ਆ ਸਕਣਗੇ। ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਹੁਣ ਆਪਣੀ ਮਰਜ਼ੀ ਨਾਲ ਅਮਰੀਕਾ ਛੱਡਣ ਵਾਲੇ ਲੋਕ ਭਵਿੱਖ ਵਿਚ ਦੁਬਾਰਾ ਵੀ ਅਮਰੀਕਾ ਵਿਚ ਲੀਗਲ ਤੌਰ ‘ਤੇ ਪ੍ਰਵੇਸ਼ ਕਰ ਸਕਣਗੇ।
ਜ਼ਿਕਰਯੋਗ ਹੈ ਕਿ ਅਮਰੀਕਾ ਇਸ ਵੇਲੇ ਹਰ ਹੀਲੇ ਗੈਰ ਕਾਨੂੰਨੀ ਲੋਕਾਂ ਨੂੰ ਅਮਰੀਕਾ ਛੱਡਣ ਲਈ ਦਬਾਅ ਪਾ ਰਿਹਾ ਹੈ।
ਟਰੰਪ ਪ੍ਰਸ਼ਾਸਨ ਵੱਲੋਂ ਸੈਲਫ ਡਿਪੋਰਟੇਸ਼ਨ ਐਪ ਕੀਤਾ ਗਿਆ ਲਾਂਚ
