ਸੈਕਰਾਮੈਂਟੋ, 12 ਮਾਰਚ (ਪੰਜਾਬ ਮੇਲ)- ਸ੍ਰੀ ਗੁਰੂ ਰਵਿਦਾਸ ਟੈਂਪਲ ਰਿਓਲਿੰਡਾ, ਸੈਕਰਾਮੈਂਟੋ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਮੌਕੇ ਨੂੰ ਸਮਰਪਿਤ 25ਵਾਂ ਸਾਲਾਨਾ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਰਿਕਾਰਡਤੋੜ ਇਕੱਠ ਹੋਇਆ। ਮੁੱਖ ਸਮਾਗਮ 3 ਦਿਨ ਚੱਲੇ। ਸ਼ੁਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋਇਆ। ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨ ਦਰਬਾਰ ਹੋਇਆ, ਜਿਸ ਵਿਚ ਪੰਥ ਦੇ ਮਹਾਨ ਰਾਗੀ ਅਤੇ ਕਥਾਵਾਚਕਾਂ ਨੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਕੁੱਝ ਅਮਰੀਕੀ ਅਧਿਕਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਵੀਂ ਉਸਾਰੀ ਗਈ ਬਿਲਡਿੰਗ ਵਿਚ ਕੀਤਾ ਗਿਆ ਅਤੇ ਉਥੇ ਹੀ ਮੁੱਖ ਸਮਾਗਮ ਹੋਏ।
ਪ੍ਰਬੰਧਕਾਂ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਸਨ। ਗੁਰੂ ਸਾਹਿਬ ਦੀ ਹਦੂਦ ਅੰਦਰ ਥਾਂ-ਥਾਂ ‘ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫਲੋਟ ਲੱਗੇ ਹੋਏ ਸਨ, ਜੋ ਕਿ ਪੰਜਾਬ ਦਾ ਭੁਲੇਖਾ ਪਾਉਂਦੇ ਸਨ। ਪ੍ਰਬੰਧਕ ਕਮੇਟੀ ਵੱਲੋਂ ਨਿਸ਼ਾਨ ਸਾਹਿਬ ਦੇ ਚੋਲੇ ਪਾਏ ਗਏ। ਪੰਜ ਪਿਆਰਿਆਂ ਦੀ ਅਗਵਾਈ ਵਿਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਮਹਾਨ ਨਗਰ ਕੀਰਤਨ ਆਰੰਭ ਹੋਇਆ।
ਇਸ ਮੌਕੇ ਹਾਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਸ ਨਗਰ ਕੀਰਤਨ ਵਿਚ ਸ਼ਾਮਲ ਹੋਏ। ਵੱਖ-ਵੱਖ ਧਾਰਮਿਕ ਜਥੇਬੰਦੀਆਂ ਆਪੋ-ਆਪਣੇ ਫਲੋਟ ਲੈ ਕੇ ਨਗਰ ਕੀਰਤਨ ਵਿਚ ਹਾਜ਼ਰੀ ਭਰਨ ਲਈ ਪਹੁੰਚੇ। ਤਕਰੀਬਨ 3 ਮੀਲ ਦੀ ਪ੍ਰੀਕਰਮਾ ਕਰਕੇ ਨਗਰ ਕੀਰਤਨ ਸ਼ਾਮ ਨੂੰ ਗੁਰਦੁਆਰਾ ਸਾਹਿਬ ਪਹੁੰਚਿਆ। ਕੁੱਲ ਮਿਲਾ ਕੇ ਇਸ ਵਾਰ ਵੀ ਇਹ ਮਹਾਨ ਨਗਰ ਕੀਰਤਨ ਕਾਮਯਾਬੀ ਨਾਲ ਸੰਪੰਨ ਹੋਇਆ।
ਸ੍ਰੀ ਗੁਰੂ ਰਵਿਦਾਸ ਟੈਂਪਲ ਰਿਓਲਿੰਡਾ ਵਿਖੇ ਸਜਾਏ ਗਏ ਨਗਰ ਕੀਰਤਨ ਦੌਰਾਨ ਰਿਕਾਰਡਤੋੜ ਇਕੱਠ
