-ਸੰਵਿਧਾਨਕ ਅਧਿਕਾਰਾਂ ਦਾ ਉਲੰਘਣ ਕਰਾਰ
ਵਾਸ਼ਿੰਗਟਨ, 12 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਇਕ ਜੱਜ ਨੇ ਯੂ.ਐੱਸ.ਏਡ ਫੰਡ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਈ ਗਈ ਰੋਕ ‘ਤੇ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਲਗਪਗ ਸਾਰੇ ਅਮਰੀਕੀ ਮਨੁੱਖੀ ਅਤੇ ਵਿਕਾਸ ਕਾਰਜਾਂ ‘ਤੇ ਹੋਣ ਵਾਲੇ ਖਰਚਿਆਂ ‘ਤੇ ਰੋਕ ਲਗਾ ਕੇ ਆਪਣੇ ਸੰਵਿਧਾਨਕ ਅਧਿਕਾਰਾਂ ਦਾ ਉਲੰਘਣ ਕੀਤਾ ਹੈ। ਪ੍ਰਸ਼ਾਸਨ ਵਿਦੇਸ਼ੀ ਸਹਾਇਤਾ ਲਈ ਅਮਰੀਕੀ ਸੰਸਦ ਵੱਲੋਂ ਵੰਡੇ ਗਏ ਅਰਬਾਂ ਡਾਲਰ ਦੇ ਫੰਡ ‘ਤੇ ਆਸਾਨੀ ਨਾਲ ਨਹੀਂ ਬੈਠ ਸਕਦਾ।
ਹਾਲਾਂਕਿ ਵਾਸ਼ਿੰਗਟਨ ਦੇ ਜ਼ਿਲ੍ਹਾ ਜੱਜ ਆਮੀਰ ਅਲੀ ਨੇ ਟਰੰਪ ਪ੍ਰਸ਼ਾਸਨ ਨੂੰ ਇਹ ਹੁਕਮ ਦੇਣ ਤੋਂ ਪਰਹੇਜ਼ ਕੀਤਾ ਕਿ ਉਹ ਇਸ ਰਕਮ ਦਾ ਇਸਤੇਮਾਲ ਕਰਕੇ ਉਨ੍ਹਾਂ ਹਜ਼ਾਰਾਂ ਠੇਕਿਆਂ ਨੂੰ ਬਹਾਲ ਕਰ ਦੇਵੇ, ਜਿਨ੍ਹਾਂ ਨੂੰ ਅਚਾਨਕ ਖਤਮ ਕਰ ਦਿੱਤਾ ਗਿਆ ਸੀ। ਇਹ ਠੇਕੇ ਦੁਨੀਆਂ ਭਰ ‘ਚ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ.ਐੱਸ.ਏਡ) ਦੇ ਮਨੁੱਖੀ ਅਤੇ ਵਿਕਾਸ ਕਾਰਜਾਂ ਨਾਲ ਜੁੜੇ ਸਨ। ਜੱਜ ਅਲੀ ਦਾ ਇਹ ਹੁਕਮ ਸੋਮਵਾਰ ਸ਼ਾਮ ਨੂੰ ਆਇਆ।
ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਇਹ ਐਲਾਨ ਕੀਤਾ ਕਿ ਪ੍ਰਸ਼ਾਸਨ ਨੇ 6 ਦਹਾਕਿਆਂ ਪੁਰਾਣੀ ਇਸ ਅਮਰੀਕੀ ਏਜੰਸੀ ਦੇ 83 ਫੀਸਦੀ ਪ੍ਰੋਗਰਾਮਾਂ ਨੂੰ ਖਤਮ ਕਰ ਦਿੱਤਾ ਹੈ। ਬਾਕੀ ਰਹਿ ਗਏ ਸਹਾਇਤਾ ਪ੍ਰੋਗਰਾਮਾਂ ਨੂੰ ਵਿਦੇਸ਼ ਵਿਭਾਗ ਦੇ ਹੇਠਾਂ ਲਿਆਂਦਾ ਜਾਵੇਗਾ। ਉਨ੍ਹਾਂ ਇਹ ਐਲਾਨ ਐਕਸ ‘ਤੇ ਇਕ ਪੋਸਟ ਰਾਹੀਂ ਕੀਤਾ।
ਦੱਸਣਯੋਗ ਹੈ ਕਿ ਯੂ.ਐੱਸ.ਏਡ ਪ੍ਰੋਗਰਾਮ ਤਹਿਤ ਲਗਪਗ 120 ਦੇਸ਼ਾਂ ‘ਚ ਵੱਖ-ਵੱਖ ਯੋਜਨਾਵਾਂ ਚੱਲ ਰਹੀਆਂ ਸਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਕਾਰਜ ਭਾਰ ਸੰਭਾਲਣ ਤੋਂ ਬਾਅਦ ਅਰਬਪਤੀ ਐਲਨ ਮਸਕ ਨੂੰ ਲਗਪਗ ਸਾਰੀ ਅਮਰੀਕੀ ਵਿਦੇਸ਼ੀ ਸਹਾਇਤਾ ਦੀ ਸਮੀਖਿਆ ਕਰਨ ਦਾ ਨਿਰਦੇਸ਼ ਦਿੱਤਾ ਸੀ।
ਇਸ ਤੋਂ ਬਾਅਦ ਤੋਂ ਹੀ ਇਸ ਅਮਰੀਕੀ ਏਜੰਸੀ ਨੂੰ ਨਿਸ਼ਾਨਾ ਬਣਾਇਆ ਗਿਆ। ਟਰੰਪ ਨੇ ਉਸ ਸਮੇਂ ਇਹ ਦਾਅਵਾ ਕੀਤਾ ਸੀ ਕਿ ਵਿਦੇਸ਼ੀ ਸਹਾਇਤਾ ਦਾ ਜ਼ਿਆਦਾਤਰ ਹਿੱਸਾ ਵਿਅਰਥ ਜਾ ਰਿਹਾ ਹੈ। ਫਰਵਰੀ ਦੇ ਅਖੀਰ ‘ਚ ਟਰੰਪ ਪ੍ਰਸ਼ਾਸਨ ਨੇ ਦੱਸਿਆ ਸੀ ਕਿ ਉਹ ਦੁਨੀਆਂ ਭਰ ‘ਚ ਕੁੱਲ 60 ਅਰਬ ਡਾਲਰ ਦੀ ਅਮਰੀਕੀ ਸਹਾਇਤਾ ਨੂੰ ਬੰਦ ਕਰ ਰਿਹਾ ਹੈ।
ਸਮਾਚਾਰ ਏਜੰਸੀ ਰਾਇਟਰਜ਼ ਅਨੁਸਾਰ, ਇਕ ਹੋਰ ਅਮਰੀਕੀ ਜੱਜ ਨੇ ਟਰੰਪ ਪ੍ਰਸ਼ਾਸਨ ਨੂੰ ਸਰਕਾਰੀ ਖਰਚਿਆਂ ‘ਚ ਕਟੌਤੀ ਨਾਲ ਜੁੜੀਆਂ ਉਨ੍ਹਾਂ ਮੁਹਿੰਮਾਂ ਨਾਲ ਸੰਬੰਧਿਤ ਰਿਕਾਰਡ ਨੂੰ ਜਨਤਕ ਕਰਨ ਦਾ ਹੁਕਮ ਦਿੱਤਾ ਹੈ, ਜਿਨ੍ਹਾਂ ਨੂੰ ਗੁਪਤ ਸਤਰ ‘ਤੇ ਚਲਾਇਆ ਜਾ ਰਿਹਾ ਹੈ। ਵਾਸ਼ਿੰਗਟਨ ਦੇ ਜ਼ਿਲ੍ਹਾ ਜੱਜ ਕ੍ਰਿਸਟੋਫਰ ਕੂਪਰ ਨੇ ਇਹ ਹੁਕਮ ਦਿੱਤਾ ਹੈ।
ਟਰੰਪ ਨੇ ਸਰਕਾਰੀ ਖਰਚਿਆਂ ‘ਚ ਕਟੌਤੀ ਅਤੇ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਨੂੰ ਮੁੜ ਤੈਅ ਕਰਨ ਦੀ ਮੁਹਿੰਮ ਦੇ ਤਹਿਤ ਸਰਕਾਰੀ ਦੱਖਲਤਾ ਵਿਭਾਗ ਦਾ ਗਠਨ ਕੀਤਾ ਹੈ ਅਤੇ ਮਸਕ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਹੈ।
ਅਮਰੀਕੀ ਜੱਜ ਵੱਲੋਂ ਯੂ.ਐੱਸ.ਏਡ ਫੰਡ ‘ਤੇ ਟਰੰਪ ਵੱਲੋਂ ਲਗਾਈ ਗਈ ਰੋਕ ‘ਤੇ ਸਖ਼ਤ ਟਿੱਪਣੀ
