ਕੈਨੇਡਿਆਈ ਪ੍ਰਧਾਨ ਮੰਤਰੀ ਨੇ ਟੈਕਸ ਲਾਉਣ ਲਈ ਅਮਰੀਕੀ ਰਾਸ਼ਟਰਪਤੀ ਦੀ ਕੀਤੀ ਆਲੋਚਨਾ
ਟੋਰਾਂਟੋ, 6 ਮਾਰਚ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਅਮਰੀਕਾ ਵੱਲੋਂ ਟੈਕਸ ਲਾਉਣ ਨੂੰ ”ਬੇਹੱਦ ਮੂਖਰਤਾ’ ਵਾਲਾ ਕਦਮ ਕਰਾਰ ਦਿੱਤਾ ਅਤੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਖ਼ਿਲਾਫ਼ ਵਪਾਰ ਜੰਗ ਸ਼ੁਰੂ ਕਰਕੇ ਰੂਸ ਨੂੰ ਖੁਸ਼ ਕਰ ਰਹੇ ਹਨ।
ਟਰੂਡੋ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਟਰੰਪ ਵੱਲੋਂ 25 ਫ਼ੀਸਦੀ ਟੈਕਸ (ਟੈਰਿਫ) ਲਾਉਣ ਦੇ ਜਵਾਬ ‘ਚ ਕੈਨੇਡਾ 100 ਅਰਬ ਡਾਲਰ ਤੋਂ ਵੱਧ ਦੀਆਂ ਅਮਰੀਕੀ ਵਸਤਾਂ ‘ਤੇ ਜਵਾਬੀ ਟੈਕਸ ਲਾਏਗਾ। ਟਰੰਪ ਨੇ ਅਮਰੀਕਾ ਦੇ ਤਿੰਨ ਸਭ ਤੋਂ ਵੱਡੇ ਵਪਾਰਕ ਭਾਈਵਾਲਾਂ ਮੈਕਸੀਕੋ, ਕੈਨੇਡਾ ਤੇ ਚੀਨ ਖ਼ਿਲਾਫ਼ ਟੈਕਸ ਲਾਇਆ ਹੈ, ਜਿਸ ਕਾਰਨ ਇਨ੍ਹਾਂ ਮੁਲਕਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ। ਟਰੂਡੋ ਨੇ ਗੁੱਸੇ ਭਰੇ ਲਹਿਜ਼ੇ ‘ਚ ਆਖਿਆ, ”ਅਮਰੀਕਾ ਨੇ ਆਪਣੇ ਸਭ ਤੋਂ ਨੇੜਲੇ ਭਾਈਵਾਲ, ਸਾਥੀ ਤੇ ਗੂੜ੍ਹੇ ਮਿੱਤਰ ਕੈਨੇਡਾ ਖ਼ਿਲਾਫ਼ ਵਪਾਰ ਜੰਗ ਸ਼ੁਰੂ ਕੀਤੀ ਹੈ।
ਜਸਟਿਨ ਟਰੂਡੋ ਨੇ ਟਰੰਪ ਨੂੰ ਉਨ੍ਹਾਂ ਦੇ ਪਹਿਲੇ ਨਾਂ ਨਾਲ ਸੰਬੋਧਨ ਕੀਤਾ। ਟਰੂਡੋ ਨੇ ਆਖਿਆ, ”ਮੈਂ ਵਿਸ਼ੇਸ਼ ਅਮਰੀਕੀ ਡੋਨਲਡ ਨਾਲ ਸਿੱਧੀ ਗੱਲ ਕਰਨਾ ਚਾਹੁੰਦਾ ਹਾਂ।” ਉਨ੍ਹਾਂ ਕਿਹਾ, ”ਵਾਲ ਸਟਰੀਟ ਜਨਰਲ ਨਾਲ ਸਹਿਮਤ ਹੋਣਾ ਮੇਰੀ ਆਦਤ ‘ਚ ਨਹੀਂ ਹੈ ਪਰ ਡੋਨਲਡ, ਜਿਨ੍ਹਾਂ ਨੂੰ ਚਲਾਕ ਵਿਅਕਤੀ ਕਿਹਾ ਜਾਂਦਾ ਹੈ, ਵੱਲੋਂ ਅਜਿਹਾ (ਟੈਕਸ ਲਾਉਣਾ) ਕਰਨਾ ਬਹੁਤ ਵੱਡੀ ਮੂਰਖਤਾ ਹੈ।” ਇਸੇ ਦੌਰਾਨ ਅਮਰੀਕੀ ਵਣਜ ਮੰਤਰੀ ਹਾਵਰਡ ਲੁਟਨਿਕ ਨੇ ਨਰਮੀ ਦੇ ਸੰਕੇਤ ਦਿੱਤੇ ਅਤੇ ਕਿਹਾ ਕਿ ਟੈਕਸ ਰੋਕਿਆ ਨਹੀਂ ਜਾਵੇਗਾ ਪਰ ਟਰੰਪ ਕੁਝ ਹੱਦ ਤੱਕ ਸਮਝੌਤਾ ਕਰ ਸਕਦੇ ਹਨ।
ਟਰੰਪ ਕੈਨੇਡਾ ਖ਼ਿਲਾਫ਼ ਵਪਾਰ ਜੰਗ ਸ਼ੁਰੂ ਕਰਕੇ ਰੂਸ ਨੂੰ ਕਰ ਰਹੇ ਨੇ ਖੁਸ਼ : ਟਰੂਡੋ
