#PUNJAB

ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਪੰਜਾਬ ਦੀਆਂ ਜੇਲ੍ਹਾਂ ‘ਚ ਬੰਦੀਆਂ ਦੀ ਆਮਦ ਵਧੀ

ਚੰਡੀਗੜ੍ਹ, 6 ਮਾਰਚ (ਪੰਜਾਬ ਮੇਲ)-ਪੰਜਾਬ ਦੀਆਂ ਜੇਲ੍ਹਾਂ ‘ਚ ਹੁਣ ਬੰਦੀਆਂ ਦੀ ਆਮਦ ਵਧ ਗਈ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜ ਦਿਨ ਪਹਿਲਾਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਅਤੇ ਡਿਪਟੀ ਕਮਿਸ਼ਨਰਾਂ ਅਤੇ ਐੱਸ.ਐੱਸ.ਪੀਜ਼ ਨੂੰ ਉੱਚ ਪੱਧਰੀ ਮੀਟਿੰਗ ਕਰਕੇ ਨਸ਼ੇ ਰੋਕਣ ਸਬੰਧੀ ਹਦਾਇਤਾਂ ਦਿੱਤੀਆਂ ਸਨ। ਪੰਜਾਬ ਸਰਕਾਰ ਨੇ ਨਸ਼ਿਆਂ ਦੀ ਰੋਕਥਾਮ ਲਈ ਪੰਜ ਮੈਂਬਰੀ ਕੈਬਨਿਟ ਕਮੇਟੀ ਵੀ ਬਣਾਈ ਹੈ।
ਜਿਉਂ-ਜਿਉਂ ਨਸ਼ਾ ਤਸਕਰੀ ਦੇ ਕੇਸ ਦਰਜ ਹੋ ਰਹੇ ਹਨ, ਜੇਲ੍ਹਾਂ ਵਿਚ ਬੰਦੀਆਂ ਦਾ ਅੰਕੜਾ ਵਧਣ ਲੱਗਾ ਹੈ। ਕਰੀਬ ਦੋ ਹਫ਼ਤਿਆਂ ‘ਚ ਸੂਬੇ ਦੀਆਂ ਜੇਲ੍ਹਾਂ ‘ਚ 1074 ਨਵੇਂ ਬੰਦੀ ਆਏ ਹਨ। ਬੁੱਧਵਾਰ ਇਕੋ ਦਿਨ ‘ਚ ਜੇਲ੍ਹਾਂ ‘ਚ 259 ਬੰਦੀ ਆਏ ਹਨ, ਜਦੋਂ ਕਿ ਉਸ ਤੋਂ ਇਕ ਦਿਨ ਪਹਿਲਾਂ 314 ਬੰਦੀ ਪੁੱਜੇ ਸਨ।
ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦੀ ਜ਼ਿਆਦਾ ਹਨ, ਜਦੋਂ ਕਿ ਸਮਰੱਥਾ ਘੱਟ ਹੈ। ਸੂਤਰ ਦੱਸਦੇ ਹਨ ਕਿ ਜੇਲ੍ਹ ਪ੍ਰਸ਼ਾਸਨ ਅਗਾਊਂ ਵਿਉਂਤਬੰਦੀ ਕਰਨ ਲੱਗਿਆ ਹੈ ਕਿ ਜੇ ਆਉਂਦੇ ਦਿਨਾਂ ‘ਚ ਐੱਨ.ਡੀ.ਪੀ.ਐੱਸ. ਦੇ ਕੇਸਾਂ ਦੀ ਗਿਣਤੀ ਵਧਦੀ ਹੈ, ਤਾਂ ਬੰਦੀਆਂ ਨੂੰ ਰੱਖਣ ਲਈ ਨਵੇਂ ਇੰਤਜ਼ਾਮ ਕਰਨੇ ਪੈਣਗੇ। ਪੁਰਾਣੇ ਸਮਿਆਂ ‘ਚ ਜਦੋਂ ਵੀ ਜੇਲ੍ਹਾਂ ਵਿਚ ਇਕਦਮ ਬੰਦੀਆਂ ਦਾ ਘੜਮੱਸ ਪਿਆ, ਤਾਂ ਕਈ ਜੇਲ੍ਹਾਂ ‘ਚ ਤੰਬੂ ਵੀ ਲੱਗਦੇ ਰਹੇ ਹਨ। ਉੱਪਰੋਂ ਹੁਣ ਪੰਜਾਬ ਪੁਲਿਸ ਨੇ ਕਿਸਾਨ ਆਗੂਆਂ ਦੀ ਫੜੋ-ਫੜੀ ਵੀ ਸ਼ੁਰੂ ਕੀਤੀ ਹੋਈ ਹੈ।
ਪੰਜਾਬ ਪੁਲਿਸ ਨੇ ਪੰਜ ਦਿਨਾਂ ਤੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਇਨ੍ਹਾਂ ਦਿਨਾਂ ਵਿਚ ਪੁਲਿਸ ਨੇ 547 ਨਸ਼ਾ ਤਸਕਰ ਕਾਬੂ ਕੀਤੇ ਹਨ। ਪੰਜਾਬ ਪੁਲਿਸ ਵੱਲੋਂ ਭਗੌੜੇ ਤਸਕਰਾਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਹੁਣ ਕਿਸਾਨ ਧਿਰਾਂ ਵੀ ਸੜਕਾਂ ‘ਤੇ ਹਨ ਅਤੇ ਪੁਲਿਸ ਦੀ ਸਖ਼ਤੀ ਹੋਣ ਦੀ ਸੂਰਤ ਵਿਚ ਜੇਲ੍ਹਾਂ ‘ਚ ਭੀੜ ਵਧ ਸਕਦੀ ਹੈ। ਇਸ ਸਬੰਧ ‘ਚ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਿਰਫ਼ ਇੰਨਾ ਹੀ ਕਿਹਾ ਕਿ ਨਸ਼ਾ ਤਸਕਰੀ ਖ਼ਿਲਾਫ਼ ਮੁਹਿੰਮ ਦਾ ਅਸਰ ਦਿਖਾਈ ਦੇਣ ਲੱਗਾ ਹੈ।
ਪੰਜਾਬ ਦੀਆਂ ਜੇਲ੍ਹਾਂ ‘ਚ ਬੀਤੇ ਬੁੱਧਵਾਰ ਸ਼ਾਮ ਤੱਕ ਕੁੱਲ 31,407 ਬੰਦੀ ਹਨ, ਜਦੋਂਕਿ 20 ਫਰਵਰੀ ਨੂੰ ਇਹ ਅੰਕੜਾ 30,337 ਸੀ।