#AMERICA

ਟਰੰਪ ਨੇ ਮੈਕਸਿਕੋ ਤੇ ਕੈਨੇਡਾ ‘ਤੇ ਦਰਾਮਦ ਵਸਤਾਂ ‘ਤੇ ਲਾਗੂ ਕੀਤਾ 25 ਫੀਸਦੀ ਟੈਕਸ

-ਉੱਤਰੀ ਅਮਰੀਕਾ ‘ਚ ਵਪਾਰਕ ਜੰਗ ਵਧਣ ਦਾ ਖਦਸ਼ਾ; ਮਹਿੰਗਾਈ ਵਧਣ ਦੇ ਆਸਾਰ
– ਟਰੂਡੋ ਵੱਲੋਂ ਅਗਲੇ 21 ਦਿਨਾਂ ‘ਚ 100 ਅਰਬ ਡਾਲਰ ਦੀਆਂ ਅਮਰੀਕੀ ਵਸਤਾਂ ‘ਤੇ ਟੈਕਸ ਲਾਉਣ ਦਾ ਐਲਾਨ
ਵਾਸ਼ਿੰਗਟਨ, 5 ਮਾਰਚ (ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਮੈਕਸਿਕੋ ਤੇ ਕੈਨੇਡਾ ਤੋਂ ਦਰਾਮਦ ਵਸਤਾਂ ‘ਤੇ 25 ਫੀਸਦੀ ਟੈਕਸ ਮੰਗਲਵਾਰ ਤੋਂ ਲਾਗੂ ਗਿਆ। ਟਰੰਪ ਦੀ ਇਸ ਪੇਸ਼ਕਦਮੀ ਨਾਲ ਉੱਤਰੀ ਅਮਰੀਕਾ ਵਿਚ ਵਪਾਰਕ ਜੰਗ ਦਾ ਖ਼ਦਸ਼ਾ ਬਣ ਗਿਆ ਹੈ, ਜਿਸ ਨਾਲ ਮਹਿੰਗਾਈ ਵਧਣ ਤੇ ਵਿਕਾਸ ਵਿਚ ਅੜਿੱਕੇ ਪੈਦਾ ਹੋਣ ਦੇ ਸੰਕੇਤ ਪਹਿਲਾਂ ਹੀ ਮਿਲ ਚੁੱਕੇ ਹਨ।
ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਪਰਸਪਰ ਟੈਕਸ ਵਜੋਂ ਅਗਲੇ 21 ਦਿਨਾਂ ਵਿਚ 100 ਅਰਬ ਡਾਲਰ ਦੀਆਂ ਅਮਰੀਕੀ ਵਸਤਾਂ ‘ਤੇ ਟੈਕਸ ਲਗਾਏਗਾ। ਉਧਰ ਮੈਕਸਿਕੋ ਨੇ ਜਵਾਬੀ ਕਾਰਵਾਈ ਵਜੋਂ ਫੌਰੀ ਕੋਈ ਐਲਾਨ ਨਹੀਂ ਕੀਤਾ ਹੈ।
ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ”ਮੰਗਲਵਾਰ ਤੋਂ ਕੈਨੇਡਾ ਤੇ ਮੈਕਸਿਕੋ ‘ਤੇ 25-25 ਫੀਸਦੀ ਦਰਾਮਦ ਟੈਕਸ ਲਗਾਉਣ ਦੀ ਸ਼ੁਰੂਆਤ ਹੋ ਜਾਵੇਗੀ।” ਰਾਸ਼ਟਰਪਤੀ ਨੇ ਕਿਹਾ ਕਿ ਇਸ ਟੈਕਸ ਦਾ ਇਕੋ ਇਕ ਮਕਸਦ ਦੋਵਾਂ ਅਮਰੀਕੀ ਗੁਆਂਢੀਆਂ ਨੂੰ ਨਸ਼ੀਲੇ ਪਦਾਰਥ ਫੈਂਟੇਨਾਈਲ ਦੀ ਤਸਕਰੀ ਖਿਲਾਫ਼ ਲੜਾਈ ਤੇਜ਼ ਕਰਨ ਤੇ ਗੈਰਕਾਨੂੰਨੀ ਪਰਵਾਸ ਨੂੰ ਰੋਕਣ ਲਈ ਮਜਬੂਰ ਕਰਨਾ ਹੈ।
ਉਂਝ ਟਰੰਪ ਨੇ ਇਸ਼ਾਰਾ ਕੀਤਾ ਕਿ ਉਹ ਅਮਰੀਕਾ ਦੇ ਵਪਾਰ ਅਸੰਤੁਲਨ ਨੂੰ ਵੀ ਖ਼ਤਮ ਕਰਨਾ ਚਾਹੁੰਦੇ ਹਨ ਤੇ ਵੱਧ ਤੋਂ ਵੱਧ ਕਾਰਖਾਨਿਆਂ ਨੂੰ ਅਮਰੀਕਾ ਵਿਚ ਤਬਦੀਲ ਕਰਨਾ ਚਾਹੁੰਦੇ ਹਨ।