ਵਾਸ਼ਿੰਗਟਨ, 27 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਸੂਬੇ ਜਾਰਜੀਆ ਵਿਚ ਭਾਰਤੀ ਮੂਲ ਦੇ 69 ਸਾਲਾ ਡਾਕਟਰ ਰਾਜੇਸ਼ ਮੋਤੀਭਾਈ ਪਟੇਲ ਨੂੰ ਇਕ ਵੈਟਰਨਜ ਅਫੇਅਰ ਫੈਸਿਲਟੀ ਵਿਖੇ ਡਾਕਟਰੀ ਜਾਂਚ ਦੌਰਾਨ ਇਕ ਔਰਤ ਮਰੀਜ਼ ਨਾਲ ਜਿਣਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ 2 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਡਾਕਟਰ ਦੀ ਰਿਹਾਈ ਉਪਰੰਤ ਉਸ ਉਪਰ 15 ਸਾਲ ਨਿਗਰਾਨੀ ਰਖਣ ਦਾ ਆਦੇਸ਼ ਵੀ ਦਿੱਤਾ ਹੈ ਅਤੇ ਨਾਲ ਹੀ ਉਸ ਦੇ ਡਾਕਟਰ ਵਜੋਂ ਕੰਮ ਕਰਨ ‘ਤੇ ਵੀ ਰੋਕ ਲਗਾ ਦਿੱਤੀ ਹੈ। ਯੂ.ਐੱਸ. ਅਟਾਰਨੀ ਦਫ਼ਤਰ ਨਾਰਦਰਨ ਡਿਸਟ੍ਰਿਕਟ ਜਾਰਜੀਆ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਪਟੇਲ ਨੂੰ ਮਰੀਜ਼ ਦੇ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਕਾਰਜਕਾਰੀ ਯੂ.ਐੱਸ. ਅਟਾਰਨੀ ਰਿਚਰਡ ਐੱਸ. ਮੌਲਟਰੀ ਜੂਨੀਅਰ ਨੇ ਕਿਹਾ ਹੈ ਕਿ ਪਟੇਲ ਨੇ ਇਕ ਡਾਕਟਰ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਉਸ ਨੇ ਭਰੋਸਾ ਤੋੜਿਆ ਹੈ ਤੇ ਇਹ ਮਾਮਲਾ ਤਾਕਤ ਦੀ ਦੁਰਵਰਤੋਂ ਦਾ ਹੈ। ਵਕੀਲਾਂ ਅਨੁਸਾਰ ਇਹ ਮਾਮਲਾ ਜਨਵਰੀ 2020 ਦਾ ਹੈ, ਜਦੋਂ ਆਮ ਵਾਂਗ ਡਾਕਟਰੀ ਜਾਂਚ ਦੌਰਾਨ ਪਟੇਲ ਨੇ ਮਰੀਜ਼ ਦੀ ਇਜਾਜ਼ਤ ਲਏ ਬਿਨਾਂ ਉਸ ਦੀਆਂ ਛਾਤੀਆਂ ਤੇ ਹੋਰ ਗੁਪਤ ਅੰਗਾਂ ਨੂੰ ਛੋਹਿਆ। ਹਾਲਾਂਕਿ, ਅਜਿਹਾ ਕਰਨ ਦਾ ਕੋਈ ਕਾਰਨ ਮੌਜੂਦ ਨਹੀਂ ਸੀ।
ਭਾਰਤੀ-ਅਮਰੀਕੀ ਡਾਕਟਰ ਨੂੰ ਮਰੀਜ਼ ਨਾਲ ਛੇੜਛਾੜ ਦੇ ਮਾਮਲੇ ‘ਚ 2 ਸਾਲ ਦੀ ਸਜ਼ਾ
