ਸੈਕਰਾਮੈਂਟੋ, 29 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਅਮਰੀਕਾ ਦੇ ਰਾਜ ਵਿਸਕਾਨਸਿਨ ਦੇ ਦੱਖਣ ਪੱਛਮ ਵਿਚ ਇਕ ਮਾਲ ਗੱਡੀ ਪੱਟੜੀ ਤੋਂ ਉਤਰ ਗਈ ਤੇ ਉਸ ਦੇ ਦੋ ਡੱਬੇ ਮਿਸੀਸਿਪੀ ਦਰਿਆ ਵਿਚ ਜਾ ਡਿੱਗੇ। ਗੱਡੀ ਦੇ ਆਪਰੇਟਰ ਅਨੁਸਾਰ ਅਮਲੇ ਦੇ ਇਕ ਮੈਂਬਰ ਨੂੰ ਸੱਟਾਂ ਲੱਗੀਆਂ ਹਨ, ਜਿਸ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਹੈ। ਬੀ.ਐੱਨ.ਐੱਸ.ਐੱਫ. ਰੇਲਵੇ ਅਨੁਸਾਰ ਗੱਡੀ ਡੀ ਸੋਟੋ ਪਿੰਡ ਨੇੜੇ ਸਥਾਨਕ ਸਮੇਂ ਅਨੁਸਾਰ ਦੁਪਹਿਰ 12.15 ਵਜੇ ਦੇ ਆਸ-ਪਾਸ ਪੱਟੜੀ ਤੋਂ ਉਤਰੀ। ਕੋਈ ਦਰਜਨ ਦੇ ਕਰੀਬ ਕੰਟੇਨਰ ਪੱਟੜੀ ਤੋਂ ਉਤਰੇ ਹਨ। ਰੇਲਵੇ ਨੇ ਕਿਹਾ ਹੈ ਕਿ ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਕਰਾਅਫੋਰਡ ਕਾਊਂਟੀ ਐਮਰਜੈਂਸੀ ਮੈਨੇਜਮੈਂਟ ਮਾਹਿਰ ਮਾਰਕ ਮਾਈਹਰ ਅਨੁਸਾਰ ਗੱਡੀ ਖਤਰਨਾਕ ਸਮੱਗਰੀ ਲਿਜਾ ਰਹੀ ਸੀ ਪਰੰਤੂ ਜੋ ਕੰਟੇਨਰ ਦਰਿਆ ਵਿਚ ਡਿੱਗੇ ਹਨ, ਉਨ੍ਹਾਂ ਵਿਚ ਖਤਰਨਾਕ ਸਮੱਗਰੀ ਨਹੀਂ ਹੈ।