#AMERICA

ਟਰੰਪ ਵੱਲੋਂ ਭਾਰਤ ‘ਚ ਵੋਟਿੰਗ ਪ੍ਰਤੀਸ਼ਤ ਵਧਾਉਣ ਸਬੰਧੀ ਅਮਰੀਕੀ ਫੰਡਿੰਗ ਨੂੰ ਦੱਸਿਆ ‘ਰਿਸ਼ਵਤ ਯੋਜਨਾ’

ਨਿਊਯਾਰਕ, 22 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿਚ ”ਵੋਟਿੰਗ ਪ੍ਰਤੀਸ਼ਤ” ਵਧਾਉਣ ਲਈ ਦਿੱਤੀ ਜਾਣ ਵਾਲੀ 2.1 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਇੱਕ ”ਰਿਸ਼ਵਤ” ਯੋਜਨਾ ਸੀ। ਟਰੰਪ ਨੇ ਇਹ ਟਿੱਪਣੀ ਵੀਰਵਾਰ ਨੂੰ ਵਾਸ਼ਿੰਗਟਨ ਵਿਚ ਰਿਪਬਲਿਕਨ ਗਵਰਨਰਜ਼ ਐਸੋਸੀਏਸ਼ਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੀ। ਟਰੰਪ ਹੁਣ ਇਸ ਰੱਦ ਕੀਤੀ ਗਈ ਅਮਰੀਕੀ ਵਿੱਤੀ ਸਹਾਇਤਾ ਨੂੰ ਲੈ ਕੇ ਪਿਛਲੇ ਬਾਇਡਨ ਪ੍ਰਸ਼ਾਸਨ ‘ਤੇ ਲਗਾਤਾਰ ਹਮਲਾਵਰ ਹਨ। ਟਰੰਪ ਨੇ ਕਿਹਾ, ”ਭਾਰਤ ਵਿਚ ਵੋਟਰਾਂ ਦੀ ਗਿਣਤੀ ਵਧਾਉਣ ਲਈ 2.1 ਕਰੋੜ ਅਮਰੀਕੀ ਡਾਲਰ। ਅਸੀਂ ਭਾਰਤ ਦੇ ਵੋਟਿੰਗ ਪ੍ਰਤੀਸ਼ਤ ਬਾਰੇ ਕਿਉਂ ਚਿੰਤਤ ਹਾਂ? ਸਾਡੇ ਕੋਲ ਪਹਿਲਾਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਹਨ। ਅਸੀਂ ਆਪਣੀ ਵੋਟਿੰਗ ਪ੍ਰਤੀਸ਼ਤ ਵਧਾਉਣਾ ਚਾਹੁੰਦੇ ਹਾਂ।”
ਉਨ੍ਹਾਂ ਕਿਹਾ, ”ਮੈਂ ਕਹਾਂਗਾ ਕਿ ਬਹੁਤ ਸਾਰੇ ਮਾਮਲਿਆਂ ਵਿਚ, ਜਦੋਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਕਿਸ ਬਾਰੇ ਗੱਲ ਕਰ ਰਹੇ ਹਾਂ, ਤਾਂ ਇਸਦਾ ਮਤਲਬ ਹੈ ਕਿ ਰਿਸ਼ਵਤ ਦਿੱਤੀ ਜਾ ਰਹੀ ਹੈ, ਕਿਉਂਕਿ ਕੋਈ ਨਹੀਂ ਜਾਣਦਾ ਕਿ ਉੱਥੇ ਕੀ ਹੋ ਰਿਹਾ ਹੈ।” ਇਹ ਇੱਕ ਹਫ਼ਤੇ ਦੇ ਅੰਦਰ ਤੀਜੀ ਵਾਰ ਹੈ, ਜਦੋਂ ਟਰੰਪ ਨੇ ਅਮਰੀਕੀ ਫੰਡਿੰਗ ‘ਤੇ ਸਵਾਲ ਚੁੱਕੇ ਹਨ। ਟਰੰਪ ਨੇ ਵੀਰਵਾਰ ਨੂੰ ਮਿਆਮੀ ਵਿਚ ਐੱਫ.ਆਈ.ਆਈ. ਪ੍ਰਾਥਮਿਕਤਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਭਾਰਤ ਨੂੰ ਫੰਡਿੰਗ ‘ਤੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਕਿਹਾ ਸੀ ਕਿ ”ਕਿਸੇ ਹੋਰ ਨੂੰ ਚੁਣੇ ਜਾਣ” ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਨੇ ”ਵੋਟਿੰਗ ਪ੍ਰਤੀਸ਼ਤ” ਵਧਾਉਣ ਲਈ ਭਾਰਤ ਨੂੰ 2.1 ਕਰੋੜ ਡਾਲਰ ਪ੍ਰਦਾਨ ਕਰਨ ਦੇ ਉਦੇਸ਼ ‘ਤੇ ਸਵਾਲ ਚੁੱਕਿਆ ਸੀ। ਉਨ੍ਹਾਂ ਦੀ ਇਹ ਟਿੱਪਣੀ ਐਲੋਨ ਮਸਕ ਦੀ ਅਗਵਾਈ ਵਾਲੇ ਸਰਕਾਰੀ ਕੁਸ਼ਲਤਾ ਵਿਭਾਗ (ਡੀ.ਓ.ਜੀ.ਈ.) ਦੇ ਖੁਲਾਸੇ ਤੋਂ ਬਾਅਦ ਆਈ ਹੈ ਕਿ ਅਮਰੀਕੀ ਸੰਗਠਨ ਯੂ.ਐੱਸ.ਏ.ਆਈ.ਡੀ. ਨੇ ਭਾਰਤ ਵਿਚ ਵੋਟਰਾਂ ਦੀ ਗਿਣਤੀ ਵਧਾਉਣ ਲਈ ਚੋਣ ਕਮਿਸ਼ਨ ਨੂੰ 2.1 ਕਰੋੜ ਅਮਰੀਕੀ ਡਾਲਰ ਦਾ ਯੋਗਦਾਨ ਦਿੱਤਾ ਹੈ।