#AMERICA

ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਭਾਰਤੀ ਪੁੱਜੇ ਪਨਾਮਾ, ਭਾਰਤ ਸਰਕਾਰ ਨੂੰ ਕੀਤਾ ਗਿਆ ਸੂਚਿਤ

ਪਨਾਮਾ ਸਿਟੀ, 21 ਫਰਵਰੀ (ਪੰਜਾਬ ਮੇਲ)- ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਇਕ ਭਾਰਤੀ ਸਮੂਹ ਦੇ ਪਨਾਮਾ ਪਹੁੰਚਣ ਦੀ ਜਾਣਕਾਰੀ ਪਨਾਮਾ ਸਰਕਾਰ ਨੇ ਭਾਰਤ ਨੂੰ ਦਿੱਤੀ ਹੈ। ਪਨਾਮਾ ‘ਚ ਮੌਜੂਦ ‘ਭਾਰਤੀ ਮਿਸ਼ਨ’ ਸਥਾਨਕ ਸਰਕਾਰ ਨਾਲ ਮਿਲ ਕੇ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ। ਪਨਾਮਾ, ਕੋਸਟਾ ਰੀਕਾ ਤੇ ਨਿਕਾਰਾਗੁਆ ‘ਚ ਸਥਿਤ ਭਾਰਤੀ ਦੂਤਘਰ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਹ ਜਾਣਕਾਰੀ ਸਾਂਝੀ ਕੀਤੀ। ਹਾਲਾਂਕਿ ਇਸ ਵਿਚ ਪਨਾਮਾ ਪਹੁੰਚਣ ਵਾਲੇ ਭਾਰਤੀਆਂ ਦੀ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਗਿਆ। ਇਹ ਸਮੂਹ ਉਨ੍ਹਾਂ 299 ਪ੍ਰਵਾਸੀ ਲੋਕਾਂ ਦਾ ਹਿੱਸਾ ਹੈ, ਜਿਨ੍ਹਾਂ ਨੂੰ ਅਮਰੀਕੀ ਸਰਕਾਰ ਵੱਲੋਂ ਪਨਾਮਾ ਭੇਜ ਦਿੱਤਾ ਗਿਆ ਹੈ।
ਰਾਸ਼ਟਰਪਤੀ ਜੋਸ ਰਾਓਲ ਮੁਲੀਨੋ ਦੀ ਸਹਿਮਤੀ ਤੋਂ ਬਾਅਦ ਭਾਰਤੀ 3 ਉਡਾਣਾਂ ‘ਚ ਪਨਾਮਾ ਪਹੁੰਚੇ ਸਨ। ਮੁਲੀਨੋ ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਸੀ ਕਿ ਦੇਸ਼ ਨਿਕਾਲਾ ਦਿੱਤੇ ਲੋਕਾਂ ਲਈ ਪਨਾਮਾ ‘ਪੁਲ’ ਦੀ ਭੂਮਿਕਾ ਨਿਭਾਏਗਾ। ਟਰੰਪ ਪ੍ਰਸ਼ਾਸਨ ਨੇ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ ਲੱਖਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾਈ ਹੈ। ਪਨਾਮਾ, ਨਿਕਾਰਾਗੁਆ ਤੇ ਕੋਸਟਾ ਰੀਕਾ ਵਿਚ ਭਾਰਤੀ ਦੂਤਘਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟ ਕੀਤੀ ਕਿ ਪਨਾਮਾ ਦੇ ਅਧਿਕਾਰੀਆਂ ਨੇ ਸਾਨੂੰ ਸੂਚਿਤ ਕੀਤਾ ਹੈ ਕਿ ਅਮਰੀਕਾ ਤੋਂ ਭਾਰਤੀ ਨਾਗਰਿਕਾਂ ਦਾ ਇਕ ਸਮੂਹ ਪਨਾਮਾ ਪਹੁੰਚ ਗਿਆ ਹੈ। ਪੋਸਟ ‘ਚ ਕਿਹਾ ਗਿਆ ਕਿ ਉਹ ਸੁਰੱਖਿਅਤ ਹਨ ਤੇ ਹੋਟਲ ‘ਚ ਰੁਕੇ ਹੋਏ ਹਨ। ਅਸੀਂ ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਪਨਾਮਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਇਸ ਤੋਂ ਪਹਿਲਾਂ ਅਮਰੀਕਾ ਤੋਂ 3 ਬੈਚਾਂ ‘ਚ ਕੁੱਲ 332 ਭਾਰਤੀਆਂ ਨੂੰ ਭਾਰਤ ਭੇਜਿਆ ਜਾ ਚੁੱਕਾ ਹੈ।