ਸ਼ਿਮਲਾ/ਮਨਾਲੀ, 20 ਫਰਵਰੀ (ਪੰਜਾਬ ਮੇਲ)- ਹਿੰਦੂਆਂ ਅਤੇ ਸਿੱਖਾਂ ਦੋਵਾਂ ਭਾਈਚਾਰਿਆਂ ਲਈ ਸਤਿਕਾਰਤ ਤੀਰਥ ਸਥਾਨ ਮਨੀਕਰਨ ਸਾਹਿਬ ਦੇ ਪਵਿੱਤਰ ਜਲ ਨੂੰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕਸੋਲ ਵਿਚ ਗਰਮ ਪਾਣੀ ਦੇ ਚਸ਼ਮੇ ਦੀ ਸਥਾਪਨਾ ਲਈ ਪਾਈਪਾਂ ਰਾਹੀਂ ਲਿਜਾਏ ਜਾਣ ਦੀ ਤਜਵੀਜ਼ ਦਾ ਮੁਕਾਮੀ ਪੱਧਰ ‘ਤੇ ਜ਼ੋਰਦਾਰ ਵਿਰੋਧ ਹੋ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਅਜਿਹਾ ਨਹੀਂ ਹੋਣ ਦੇਣਗੇ।
ਵਿਸ਼ੇਸ਼ ਖੇਤਰ ਵਿਕਾਸ ਅਥਾਰਟੀ (ਐੱਸ.ਏ.ਡੀ.ਏ.) ਦੀ ਹਾਲ ਹੀ ਵਿਚ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਸੀ ਕਿ ਕਸੋਲ ਵਿਚ ਇੱਕ ਨਵਾਂ ਨੇਚਰ ਪਾਰਕ ਬਣਾਇਆ ਜਾਵੇਗਾ, ਜਿਸ ਵਿਚ ਗਰਮ ਪਾਣੀ ਦੀ ਸਹੂਲਤ ਹੋਵੇਗੀ ਅਤੇ ਇਸ ਲਈ ਮਨੀਕਰਨ ਸਾਹਿਬ ਦੇ ਗਰਮ ਜਲ ਦੇ ਚਸ਼ਮਿਆਂ ਤੋਂ ਪਵਿੱਤਰ ਜਲ ਨੂੰ ਪਾਈਪਾਂ ਰਾਹੀਂ ਕਸੋਲ ਵੱਲ ਮੋੜਿਆ ਜਾਵੇਗਾ।
ਸਥਾਨਕਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਮਨੀਕਰਨ ਸਾਹਿਬ ਦੇ ਪਵਿੱਤਰ ਜਲ ਨੂੰ ਸੈਲਾਨੀਆਂ ਦੀ ਭਾਰੀ ਖਿੱਚ ਵਾਲੇ ਸੈਰ-ਸਪਾਟਾ ਸਥਾਨ ਕਸੋਲ ਵਿਚ ਵਪਾਰਕ ਮੰਤਵਾਂ ਲਈ ਵਰਤਿਆ ਜਾਂਦਾ ਹੈ, ਤਾਂ ਉਹ ਅੰਦੋਲਨ ਸ਼ੁਰੂ ਕਰਨਗੇ। ਮਨੀਕਰਨ ਅਤੇ ਕਸੋਲ ਵਿਚਕਾਰ ਦੂਰੀ ਲਗਭਗ ਪੰਜ ਕਿਲੋਮੀਟਰ ਹੈ।
ਸਥਾਨਕ ਕਾਂਗਰਸ ਵਿਧਾਇਕ ਸੁੰਦਰ ਸਿੰਘ ਠਾਕੁਰ ਨੇ ਵੀਰਵਾਰ ਨੂੰ ਦੱਸਿਆ ਕਿ ਪਹਿਲਾਂ ਮਨੀਕਰਨ ਸਾਹਿਬ ਵਿਚੋਂ ਜਲ ਲਿਜਾਏ ਜਾਣ ਦੀ ਤਜਵੀਜ਼ ਸੀ, ਪਰ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਅਸੀਂ ਕਸੋਲ ਵਿਚ ਹੀ ਗਰਮ ਜਲ ਦੇ ਚਸ਼ਮੇ ਦੀ ਖੁਦਾਈ ਦਾ ਵਿਕਲਪ ਲੱਭ ਲਿਆ ਹੈ।
ਮਨੀਕਰਨ ਸਾਹਿਬ ਦਾ ਪਵਿੱਤਰ ਜਲ ਵਪਾਰਕ ਵਰਤੋਂ ਲਈ ਕਸੋਲ ਲਿਜਾਣ ਦੀ ਯੋਜਨਾ ਦਾ ਵਿਰੋਧ
