ਨਿਊਯਾਰਕ/ਫਲੋਰਿਡਾ, 20 ਫਰਵਰੀ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ‘ਚ ‘ਵੋਟਰਾਂ ਦੀ ਸ਼ਮੂਲੀਅਤ ਵਧਾਉਣ’ ਲਈ 2.1 ਕਰੋੜ ਡਾਲਰ ਦੀ ਦਿੱਤੀ ਜਾਂਦੀ ਮਾਲੀ ਮਦਦ ‘ਤੇ ਸਵਾਲ ਖੜ੍ਹੇ ਕਰਦਿਆਂ ਦੁਹਾਇਆ ਕਿ ਭਾਰਤ ‘ਚ ਟੈਕਸ ਵਧ ਹੋਣ ਕਾਰਨ ਅਮਰੀਕਾ ਉਥੇ ਵਪਾਰ ਨਹੀਂ ਕਰ ਸਕਦਾ ਹੈ। ਟਰੰਪ ਨੇ ਕਿਹਾ, ”ਭਾਰਤ ਦੁਨੀਆਂ ‘ਚ ਸਭ ਤੋਂ ਵੱਧ ਟੈਕਸ ਲਗਾਉਣ ਵਾਲੇ ਮੁਲਕਾਂ ‘ਚੋਂ ਇਕ ਹੈ।” ਮਾਰ-ਏ-ਲਾਗੋ ‘ਚ ਮੰਗਲਵਾਰ ਨੂੰ ਹੁਕਮਾਂ ‘ਤੇ ਦਸਤਖ਼ਤ ਕਰਦਿਆਂ ਟਰੰਪ ਨੇ ਕਿਹਾ, ”ਭਾਰਤ ਨੂੰ ਅਮਰੀਕਾ 2.1 ਕਰੋੜ ਡਾਲਰ ਦੀ ਸਹਾਇਤਾ ਕਿਉਂ ਦੇ ਰਿਹਾ ਹੈ? ਉਨ੍ਹਾਂ ਕੋਲ ਬਹੁਤ ਸਾਰੀ ਮਾਇਆ ਹੈ। ਭਾਰਤ ਦੁਨੀਆਂ ‘ਚ ਸਭ ਤੋਂ ਵੱਧ ਟੈਕਸ ਲਗਾਉਣ ਵਾਲੇ ਮੁਲਕਾਂ ‘ਚੋਂ ਇਕ ਹੈ। ਟੈਕਸ ਜ਼ਿਆਦਾ ਹੋਣ ਕਾਰਨ ਅਸੀਂ ਉਥੇ ਮੁਸ਼ਕਲ ਨਾਲ ਹੀ ਵਪਾਰ ਕਰ ਪਾਉਂਦੇ ਹਾਂ।” ਜ਼ਿਕਰਯੋਗ ਹੈ ਕਿ ਟਰੰਪ ਨੇ ਪਿਛਲੇ ਮਹੀਨੇ ਟੈਸਲਾ ਦੇ ਸੀ.ਈ.ਓ. ਐਲਨ ਮਸਕ ਨੂੰ ਨਵੇਂ ਪ੍ਰਸ਼ਾਸਕੀ ਕੁਸ਼ਲਤਾ ਬਾਰੇ ਵਿਭਾਗ (ਡੀ.ਓ.ਜੀ.ਈ.) ਦਾ ਮੁਖੀ ਲਾਇਆ ਹੈ। ਸ਼ਾਸਨ ਵਿਚ ਸੁਧਾਰ ਕਰਨ ਅਤੇ ਵਾਧੂ ਖ਼ਰਚਿਆਂ ਨੂੰ ਰੋਕਣ ਤਹਿਤ ਡੀ.ਓ.ਜੀ.ਈ. ਨੇ 15 ਫਰਵਰੀ ਨੂੰ ਟੈਕਸਦਾਤਾਵਾਂ ਦੇ ਕਰੋੜਾਂ ਡਾਲਰਾਂ ਦੀ ਲਾਗਤ ਵਾਲੇ ਕਈ ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ।
ਭਾਰਤ ਕੋਲ ਬਹੁਤ ਸਾਰੀ ਮਾਇਆ, ਅਸੀਂ 2.1 ਕਰੋੜ ਡਾਲਰ ਕਿਉਂ ਦੇਈਏ : ਟਰੰਪ
