#AMERICA

ਹੁਣ ਅਮਰੀਕਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਿੱਧਾ ਭਾਰਤ ਨਹੀਂ ਕਰੇਗਾ ਡਿਪੋਰਟ!

ਕੋਸਟਾ ਰੀਕਾ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਭੇਜਣ ‘ਚ ਇੱਕ ”ਪੁਲ” ਵਜੋਂ ਕੰਮ ਕਰਨ ‘ਤੇ ਸਹਿਮਤ ਪ੍ਰਗਟਾਈ
ਸੈਨਹੋਜ਼ੇ, 19 ਫਰਵਰੀ (ਪੰਜਾਬ ਮੇਲ)- ਕੋਸਟਾ ਰੀਕਾ ਨੇ ਭਾਰਤ ਅਤੇ ਮੱਧ ਏਸ਼ੀਆ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਵਾਪਸ ਭੇਜਣ ਵਿਚ ਇੱਕ ”ਪੁਲ” ਵਜੋਂ ਕੰਮ ਕਰਨ ‘ਤੇ ਸਹਿਮਤ ਪ੍ਰਗਟਾਈ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਇੱਕ ਅਧਿਕਾਰਤ ਰਿਲੀਜ਼ ਵਿਚ ਦਿੱਤੀ ਗਈ। ਅਮਰੀਕਾ ਤੋਂ ਭੇਜੇ ਗਏ ਪ੍ਰਵਾਸੀ ਉਦੋਂ ਤੱਕ ਕੋਸਟਾ ਰੀਕਾ ਵਿਚ ਰਹਿਣਗੇ, ਜਦੋਂ ਤੱਕ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ਾਂ ਵਿਚ ਵਾਪਸ ਨਹੀਂ ਭੇਜਿਆ ਜਾ ਸਕਦਾ। ਕੋਸਟਾ ਰੀਕਾ ਦੇ ਰਾਸ਼ਟਰਪਤੀ ਰੋਡਰੀਗੋ ਚਾਵੇਸ ਰੋਬਲਜ਼ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, 200 ਪ੍ਰਵਾਸੀਆਂ ਦਾ ਪਹਿਲਾ ਬੈਚ ਬੁੱਧਵਾਰ ਨੂੰ ਇੱਕ ਵਪਾਰਕ ਉਡਾਣ ਰਾਹੀਂ ਜੁਆਨ ਸੈਂਟਾਮਾਰੀਆ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇਗਾ।
ਬਿਆਨ ਵਿਚ ਕਿਹਾ ਗਿਆ ਹੈ, ”ਕੋਸਟਾ ਰੀਕਾ ਸਰਕਾਰ ਨੇ 200 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਵਿਚ ਅਮਰੀਕਾ ਨਾਲ ਸਹਿਯੋਗ ਕਰਨ ‘ਤੇ ਸਹਿਮਤੀ ਪ੍ਰਗਟਾਈ ਹੈ। ਇਹ ਲੋਕ ਮੱਧ ਏਸ਼ੀਆਈ ਦੇਸ਼ਾਂ ਅਤੇ ਭਾਰਤ ਤੋਂ ਹਨ।” ਬਿਆਨ ਵਿਚ ਇਹ ਨਹੀਂ ਦੱਸਿਆ ਗਿਆ ਕਿ ਉਨ੍ਹਾਂ ਵਿਚੋਂ ਕਿੰਨੇ ਭਾਰਤ ਤੋਂ ਹਨ। ਇਸ ਵਿਚ ਕਿਹਾ ਗਿਆ ਹੈ, ”ਕੋਸਟਾ ਰੀਕਾ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਮੂਲ ਦੇਸ਼ਾਂ ਤੱਕ ਪਹੁੰਚਣ ਲਈ ਇੱਕ ਪੁਲ ਦਾ ਕੰਮ ਕਰੇਗਾ।” ਟਰੰਪ ਪ੍ਰਸ਼ਾਸਨ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤ ਕਾਰਵਾਈ ਦੌਰਾਨ ਕੁੱਲ 332 ਭਾਰਤੀਆਂ ਨੂੰ ਪਹਿਲਾਂ ਹੀ 3 ਬੈਚਾਂ ਵਿਚ ਭਾਰਤ ਵਾਪਸ ਭੇਜਿਆ ਜਾ ਚੁੱਕਾ ਹੈ।