#INDIA

ਪੰਜਾਬ ‘ਚ ਭਾਜਪਾ-ਅਕਾਲੀ ਦਲ ਦੁਬਾਰਾ ਬਣਾ ਸਕਦੈ ਗਠਜੋੜ!

ਨਵੀਂ ਦਿੱਲੀ, 19 ਫਰਵਰੀ (ਪੰਜਾਬ ਮੇਲ)- ਪਿਛਲੇ ਕੁੱਝ ਸਮੇਂ ਤੋਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ‘ਚ ਦਰਾਰ ਪੈ ਗਈ ਸੀ ਅਤੇ ਦੋਵਾਂ ਪਾਰਟੀਆਂ ਨੇ ਵੱਖੋ-ਵੱਖ ਚੋਣਾਂ ਲੜਨੀਆਂ ਸ਼ੁਰੂ ਕਰ ਦਿੱਤੀਆਂ ਸਨ। ਪਰ ਹੁਣ ਅੰਦਰਖਾਤੇ ਇਕ ਵਾਰ ਫਿਰ ਦੋਵਾਂ ਪਾਰਟੀਆਂ ਦੇ ਆਗੂ ਦੁਬਾਰਾ ਗਠਜੋੜ ਬਣਾਉਣ ਲਈ ਵਿਚਾਰ-ਵਟਾਂਦਰੇ ਕਰ ਰਹੇ ਹਨ। ਅਕਾਲੀ ਦਲ-ਭਾਜਪਾ ਵਿਚ ਦਰਾੜ ਪੈ ਜਾਣ ਕਾਰਨ ਪੰਜਾਬ ਵਿਚ ਇਹ ਦੋਵੇਂ ਪਾਰਟੀਆਂ ਹਾਸ਼ੀਏ ‘ਤੇ ਪਹੁੰਚ ਗਈਆਂ ਹਨ। ਇਨ੍ਹਾਂ ਦੋਵਾਂ ਪਾਰਟੀਆਂ ਨੇ ਇਹ ਤੱਤ ਕੱਢ ਲਿਆ ਹੈ ਕਿ ਪੰਜਾਬ ਵਿਚ ਵੱਖ-ਵੱਖ ਹੋ ਕੇ ਚੋਣਾਂ ਨਹੀਂ ਲੜੀਆਂ ਜਾ ਸਕਦੀਆਂ।
ਪਿਛਲੇ ਦਿਨੀਂ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧੀ ਦੇ ਵਿਆਹ ਵਿਚ ਬਹੁਤ ਸਾਰੇ ਸੀਨੀਅਰ   ਭਾਜਪਾ ਆਗੂਆਂ ਨੇ ਸ਼ਮੂਲੀਅਤ ਕੀਤੀ ਸੀ, ਜਿਸ ਨਾਲ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਦੋਵੇਂ ਪਾਰਟੀਆਂ ਪਹਿਲਾਂ ਵਿਧਾਨ ਸਭਾ ਚੋਣਾਂ ਇਕੱਠੀਆਂ ਲੜਨਗੀਆਂ, ਫਿਰ ਲੋਕ ਸਭਾ ਚੋਣਾਂ ਵੀ ਗਠਜੋੜ ਕਰਕੇ ਹੀ ਲੜਨਗੀਆਂ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਇਨ੍ਹਾਂ ਦੋਵਾਂ ਪਾਰਟੀਆਂ ਦਾ ਆਧਾਰ ਖਤਮ ਹੋ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ‘ਤੇ ਲੱਗੇ ਦੋਸ਼ਾਂ ਨਾਲ ਪਾਰਟੀ ਦਾ ਗ੍ਰਾਫ ਕਾਫੀ ਥੱਲੇ ਆਇਆ ਹੈ, ਜਦਕਿ ਲੰਮੇ ਸਮੇਂ ਤੋਂ ਕਿਸਾਨ ਅੰਦੋਲਨ ਹੋਣ ਕਾਰਨ ਭਾਜਪਾ ਦਾ ਆਧਾਰ ਵੀ ਪੰਜਾਬ ਵਿਚ ਖਤਮ ਹੋ ਗਿਆ ਹੈ। ਹੁਣ ਦੇਖਣਾ ਇਹ ਹੈ ਕਿ ਭਾਜਪਾ ਪੰਜਾਬ ਦੀ ਸਿਆਸਤ ਵਿਚ ਦੁਬਾਰਾ ਸਰਗਰਮ ਹੋਣ ਲਈ ਕਿਸਾਨਾਂ ਨੂੰ ਕੋਈ ਵਿਸ਼ੇਸ਼ ਪੈਕੇਜ ਦੇਵੇਗੀ ਅਤੇ ਕੀ ਉਹ ਪੰਜਾਬ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਵੱਲ ਧਿਆਨ ਦੇਵੇਗੀ, ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ। ਜੇਕਰ ਭਾਜਪਾ ਪੰਜਾਬ ਲਈ ਗੰਭੀਰ ਹੈ, ਤਾਂ ਉਹ ਇਸ ਬਾਰੇ ਕੀ ਸੋਚਦੀ ਹੈ।